ਚੰਡੀਗੜ੍ਹ: ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ (Important meeting of the Punjab Cabinet )। ਮੀਟਿੰਗ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਭਵਨ ਵਿਖੇ ਕੀਤੀ।
ਮੀਟਿੰਗ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ। ਜਿਨ੍ਹਾਂ ਵਿੱਚ ਪੰਜਾਬ ਮੰਤਰੀ ਮੰਡਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੰਮ ਕਰਦੇ ਸੈਨੀਟੇਸ਼ਨ ਵਰਕਰਾਂ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਲਏ ਗਏ, ਇਸ ਫੈਸਲੇ ਨਾਲ ਸੂਬੇ ਦੇ 4,587 ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਫਾਇਦਾ ਹੋਵੇਗਾ। ਇਹ ਫੈਸਲਾ 18 ਜੂਨ 2021 ਤੋਂ ਪਹਿਲਾਂ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ 7 ਕਿਲੋਵਾਟ ਤੱਕ 3 ਰੁਪਏ ਸਸਤੀ ਬਿਜਲੀ ਦਾ ਲਾਭ ਹੁਣ 1 ਨਵੰਬਰ ਤੋਂ ਮਿਲੇਗਾ। ਪਹਿਲਾਂ ਇਹ 1 ਦਸੰਬਰ ਤੋਂ ਕੀਤਾ ਜਾਂਦਾ ਸੀ। ਇਸ ਨਾਲ ਸਰਕਾਰੀ ਖਜ਼ਾਨੇ 'ਤੇ 151 ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ। ਹਾਲਾਂਕਿ ਇਸ ਨਾਲ ਪੰਜਾਬ ਦੇ ਕੁੱਲ 71.75 ਲੱਖ ਵਿੱਚੋਂ 69 ਲੱਖ ਖਪਤਕਾਰਾਂ ਨੂੰ ਫਾਇਦਾ ਹੋਵੇਗਾ।
3 ਸਾਲ ਦੀ ਪ੍ਰੋਬੇਸ਼ਨ ਮਿਆਦ
ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਪਹਿਲਾਂ 3 ਸਾਲਾਂ ਵਿੱਚ ਸਰਕਾਰ ਨੂੰ 46 ਕਰੋੜ ਦਾ ਬੋਝ ਝੱਲਣਾ ਪਵੇਗਾ। ਇਸ ਪ੍ਰੋਬੇਸ਼ਨਰੀ ਮਿਆਦ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਸਾਲਾਨਾ ਵਾਧਾ ਅਤੇ ਹੋਰ ਲਾਭ ਮਿਲਣਗੇ। ਇਹ ਵਾਧੂ ਬੋਝ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਝੱਲਣਾ ਪਵੇਗਾ।
ਸਿੱਧੀ ਭਰਤੀ ਵਿੱਚ ਪੰਜਾਬੀ ਲਾਜ਼ਮੀ
ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਹੁਣ ਕਿਸੇ ਵੀ ਵਿਭਾਗ, ਕਾਰਪੋਰੇਸ਼ਨ, ਅਥਾਰਟੀਆਂ ਆਦਿ ਵਿੱਚ ਸਿੱਧੀ ਭਰਤੀ ਲਈ ਪੰਜਾਬੀ ਲਾਜ਼ਮੀ ਹੋਵੇਗੀ। ਇਸ ਦੇ ਲਈ ਉਨ੍ਹਾਂ ਨੂੰ ਸੇਵਾ ਨਿਯਮਾਂ ਵਿੱਚ ਸੋਧ ਕਰਨ ਲਈ ਕਿਹਾ ਗਿਆ ਹੈ।
ਗੁਲਾਬੀ ਸੁੰਡੀ ਮੁਆਵਜ਼ੇ ਵਿੱਚ ਹੋਇਆ ਵਾਧਾ
ਮੰਤਰੀ ਮੰਡਲ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਬਦਲੇ ਦਿੱਤੇ ਜਾ ਰਹੇ 12 ਹਜ਼ਾਰ ਪ੍ਰਤੀ ਏਕੜ ਦੇ ਮੁਆਵਜ਼ੇ ਵਿੱਚ 5 ਹਜ਼ਾਰ ਦਾ ਵਾਧਾ ਕੀਤਾ ਗਿਆ ਹੈ। ਹੁਣ 100 ਫੀਸਦੀ ਨੁਕਸਾਨ ਲਈ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।
ਨਾਜਾਇਜ਼ ਕਲੋਨੀਆਂ ਅਤੇ ਪਲਾਟਾਂ ਨੂੰ ਨਿਯਮਤ ਕਰਨ ਦੀ ਪ੍ਰਵਾਨਗੀ
ਗੈਰ-ਕਾਨੂੰਨੀ ਕਲੋਨੀਆਂ ਅਤੇ ਪਲਾਟਾਂ ਨੂੰ ਰੈਗੂਲਰ ਕਰਨ ਲਈ ਮੰਤਰੀ ਮੰਡਲ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦਾ ਰੂਲ 38 (2) ਲਿਆਂਦਾ ਜਾ ਰਿਹਾ ਹੈ।
ਉੱਥੇ ਹੀ ਕਿਸਾਨ ਅੰਦੋਲਨ ਤੋਂ ਘਰ ਵਾਪਸੀ 'ਤੇ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ(Cabinet Minister Amarinder Raja Waring) ਨੇ ਕਿਹਾ ਕਿ ਉਹ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਸਾਨਾਂ ਨੇ ਇਤਿਹਾਸ ਰਚਿਆ ਹੈ ਅਤੇ ਉਨ੍ਹਾਂ ਦੀ ਇਹ ਕੁਰਬਾਨੀ ਵਿਅਰਥ ਨਹੀਂ ਗਈ ਅਤੇ ਉਨ੍ਹਾਂ ਸ਼ਹੀਦਾਂ ਨੂੰ ਮੇਰਾ ਸਲਾਮ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਦੇ ਵੀ ਪੰਜਾਬ ਸਰਕਾਰ ਦੀ ਲੋੜ ਹੋਵੇਗੀ ਤੇ ਸਰਕਾਰ ਉਨ੍ਹਾਂ ਦੇ ਹੀ ਨਾਲ ਹੈ। ਉੱਥੇ ਹੀ ਆਂਗਣਵਾੜੀ ਵਰਕਜ਼ ਦੇ ਪ੍ਰੋਟੈੱਸ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵੀ ਕੈਬਨਿਟ ਵਿਚ ਗੱਲਬਾਤ ਹੋਈ ਹੈ, ਜਲਦੀ ਕੋਈ ਫ਼ੈਸਲਾ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਕੈਬਨਿਟ ਮੰਤਰੀਆਂ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ, ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀ.ਐਮ, ਓਪੀ ਸੋਨੀ ਡਿਪਟੀ ਸੀ.ਐਮ, ਮਨਪ੍ਰੀਤ ਸਿੰਘ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਅਰੁਣਾ ਚੌਧਰੀ, ਸ਼੍ਰੀਮਤੀ ਰਜ਼ੀਆ ਸੁਲਤਾਨਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਪਹੁੰਚੇ।
ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ, ਘਰ ਵਾਪਸੀ ਦਾ ਹੋ ਸਕਦੈ ਐਲਾਨ