ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ 'ਚ ਹੈ। ਇਸ ਦੇ ਨਾਲ ਹੀ ਮਾਈਨਿੰਗ ਨੂੰ ਲੈਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਲਗਾਤਾਰ ਸਰਗਰਮ ਹਨ। ਇਸ ਦੇ ਚੱਲਦਿਆਂ ਪੰਜਾਬ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਕਾਰਵਾਈ ਕਰਦੇ ਹੋਏ ਮਾਨ ਸਰਕਾਰ ਨੇ ਪਠਾਨਕੋਟ ਦੇ ਮਾਈਨਿੰਗ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ।
ਜਿਓਲੌਜਿਸਟ ਗਗਨ 'ਤੇ ਕਾਰਵਾਈ: ਜਲ ਸਰੋਤ, ਮਾਈਨਿੰਗ ਤੇ ਜਿਓਲੋਜੀ ਵਿਭਾਗ ਵਿੱਚ ਤਾਇਨਾਤ ਜਿਓਲੌਜਿਸਟ ਗਗਨ 'ਤੇ ਪੰਜਾਬ ਸਰਕਾਰ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਮਾਈਨਿੰਗ ਅਫ਼ਸਰ ਨੂੰ ਹੈੱਡਕੁਆਰਟਰ ਨਿਗਰਾਨ ਇੰਜੀਨੀਅਰ ਆਈ.ਬੀ. ਹਲਕਾ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ।
ਮੁਹਾਲੀ ਰੋਪੜ ਦਾ ਅਫ਼ਸਰ ਵੀ ਕੀਤਾ ਸੀ ਸਸਪੈਂਡ: ਇਸ ਤੋਂ ਪਹਿਲਾਂ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਮੁਹਾਲੀ, ਰੋਪੜ ਅਤੇ ਪਠਾਨਕੋਟ ਦੇ ਰੇਤ ਦੇ ਖੱਡਿਆਂ ਦਾ ਪਤਾ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇੱਕ ਹਫ਼ਤਾ ਪਹਿਲਾਂ ਹੀ ਮਾਨ ਸਰਕਾਰ ਨੇ ਮੁਹਾਲੀ-ਰੋਪੜ ਦੇ ਮਾਈਨਿੰਗ ਅਫ਼ਸਰ ਵਿਪਨ ਨੂੰ ਮੁਅੱਤਲ ਕਰ ਦਿੱਤਾ ਸੀ। ਮਾਈਨਿੰਗ ਅਫ਼ਸਰ ਨੂੰ ਸਸਪੈਂਡ ਕਰਕੇ ਚੀਫ਼ ਇੰਜੀਨੀਅਰ ਨਾਲ ਅਟੈਚ ਕੀਤਾ ਗਿਆ ਸੀ। ਮਾਈਨਿੰਗ ਅਫ਼ਸਰ ਗਗਨ ਨੂੰ ਸਸਪੈਂਡ ਕਰਨ ਦੇ ਹੁਕਮ ਆਈ.ਏ.ਐੱਸ. ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ।
ਕ੍ਰਿਸ਼ਨ ਕੁਮਾਰ ਨੂੰ ਕਮਾਨ: ਜ਼ਿਕਰਯੋਗ ਹੈ ਕਿ ਰੇਤ ਮਾਫ਼ੀਆ ਨੂੰ ਖ਼ਤਮ ਕਰਨ ਲਈ ‘ਆਪ’ ਸਰਕਾਰ ਨੇ ਆਈਏਐੱਸ ਕ੍ਰਿਸ਼ਨ ਕੁਮਾਰ ਨੂੰ ਕਮਾਨ ਸੌਂਪੀ ਹੈ। ਉੁਨ੍ਹਾਂ ਨੂੰ ਪਿਛਲੇ ਦਿਨੀਂ ਹੀ ਸਿੱਖਿਆ ਵਿਭਾਗ ਤੋਂ ਹਟਾ ਕੇ ਮਾਈਨਿੰਗ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਬਣਾਇਆ ਗਿਆ ਹੈ।
ਕਾਂਗਰਸੀ ਮੰਤਰੀ ਦਾ ਕਰੀਬੀ ਸੀ ਮਾਈਨਿੰਗ ਅਧਿਕਾਰੀ: ਸੂਤਰਾਂ ਅਨੁਸਾਰ ਮੁਅੱਤਲ ਮਾਈਨਿੰਗ ਅਫ਼ਸਰ ਗਗਨ ਪਿਛਲੀ ਸਰਕਾਰ ਵਿੱਚ ਕਾਂਗਰਸੀ ਮੰਤਰੀ ਦਾ ਕਰੀਬੀ ਸੀ। ਉਨ੍ਹਾਂ ਦੀ ਸੀਐਮ ਦਫ਼ਤਰ ਤੱਕ ਸਿੱਧੀ ਪਹੁੰਚ ਹੋਣ ਦੀਆਂ ਵੀ ਚਰਚਾਵਾਂ ਹਨ। ਪੰਜਾਬ ਵਿੱਚ ਭਾਵੇਂ ਸੀਐਮ ਬਦਲ ਗਿਆ ਹੋਵੇ ਪਰ ਮਾਈਨਿੰਗ ਅਫ਼ਸਰ ਦਾ ਦਬਦਬਾ ਕਾਇਮ ਰਿਹਾ। ਇਸ ਦੀ ਸ਼ਿਕਾਇਤ ਨਵੀਂ ਸਰਕਾਰ ਤੱਕ ਵੀ ਪਹੁੰਚ ਗਈ।
ਲੀਡਰ ਅਤੇ ਅਧਿਕਾਰੀ ਹੋ ਸਕਦੇ ਨੇ ਸ਼ਿਕਾਰ: ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ 'ਤੇ ਰੇਤ ਦੀਆਂ ਖੱਡਾਂ 'ਚ ਕਈ ਅਧਿਕਾਰੀ ਅਤੇ ਆਗੂ ਫਸ ਸਕਦੇ ਹਨ। ਇੱਥੇ ਸਭ ਤੋਂ ਵੱਧ ਮਾਈਨਿੰਗ ਹੋਈ ਹੈ। ਸਰਕਾਰ ਨੂੰ ਸ਼ੱਕ ਹੈ ਕਿ ਦਰਿਆ 'ਚ ਬਿਨਾਂ ਮਨਜ਼ੂਰੀ ਤੋਂ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਜਿਸ ਸਬੰਧੀ ਸਰਕਾਰ ਨੇ ਉੱਥੋਂ ਦੇ ਡਿਪਟੀ ਕਮਿਸ਼ਨਰਾਂ ਤੋਂ ਵੇਰਵੇ ਵੀ ਲਏ ਸਨ। ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਾਰੀ ਜਾਂਚ ਪ੍ਰਕਿਰਿਆ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਬਿਜਲੀ ਦੇ ਲੱਗ ਰਹੇ ਕੱਟਾਂ ’ਤੇ ਵੇਖੋ ਕੀ ਬੋਲੇ ਮੰਤਰੀ ਹਰਭਜਨ ਸਿੰਘ ETO ?