ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ 'ਚ ਸਰਕਾਰ ਬਣਦਿਆਂ ਹੀ ਸਰਗਰਮੀ ਤੇਜ਼ ਕਰ ਦਿੱਤੀ ਹੈ, ਜਿਸ ਦੇ ਚੱਲਦਿਆਂ ਵੱਧ ਰਹੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਇਸ 'ਚ ਕਿਹਾ ਹੈ ਕਿ ਟਾਸਕ ਫੋਰਸ ਦੇ ਗਠਨ ਤੋਂ ਬਾਅਦ ਕਮਿਸ਼ਨਰ ਅਤੇ ਐਸਐਸਪੀਜ਼ ਦੀ ਜ਼ਿੰਮੇਵਾਰੀ 'ਚ ਕੋਈ ਕਮੀ ਨਹੀਂ ਆਵੇਗੀ। ਜੇਕਰ ਉਹਨਾਂ ਦੇ ਇਲਾਕੇ 'ਚ ਕਾਨੂੰਨ ਵਿਵਸਥਾ ਵਿਗੜਦੀ ਹੈ ਤਾਂ ਇਸ ਲਈ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਲਿਖਿਆ ਕਿ 5 ਅਪ੍ਰੈਲ ਨੂੰ ਪੰਜਾਬ ਭਵਨ ਵਿਖੇ ਹੋਈ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਦੇ ਸ਼ੁਰੂ 'ਚ ਹੀ ਮੈਂ ਕਿਹਾ ਸੀ ਕਿ ਸੂਬਾ ਸਰਕਾਰ ਦਾ ਸਭ ਤੋਂ ਅਹਿਮ ਮਕਸਦ ਭ੍ਰਿਸ਼ਟਾਚਾਰ ਦੇ ਖਾਤਮੇ ਤੋਂ ਇਲਾਵਾ ਅਮਨ-ਕਾਨੂੰਨ ਨੂੰ ਬਣਾਈ ਰੱਖਣਾ ਹੈ। ਮੈਂ ਸੂਬੇ ’ਚੋਂ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ AGTF (ਐਂਟੀ ਗੈਂਗਸਟਰ ਟਾਸਕ ਫੋਰਸ) ਦੇ ਗਠਨ ਦਾ ਐਲਾਨ ਕੀਤਾ ਸੀ।
ਉਹਨਾਂ ਕਿਹਾ ਕਿ ਮੈਂ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ AGTF ਦਾ ਗਠਨ ਕਿਸੇ ਵੀ ਤਰ੍ਹਾਂ ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਕਮਿਸ਼ਨਰੇਟਾਂ ਅਤੇ ਜ਼ਿਲ੍ਹਿਆਂ ਦੇ ਮੁਖੀਆਂ ਦੇ ਸੀਨੀਅਰ ਪੁਲਿਸ ਸੁਪਰਡੈਂਟਾਂ ਦੀ ਜ਼ਿੰਮੇਵਾਰੀ ਅਤੇ ਭੂਮਿਕਾ ਨੂੰ ਘੱਟ ਨਹੀਂ ਕਰੇਗਾ। ਨਿੱਜੀ ਤੌਰ 'ਤੇ ਤੁਹਾਡੇ ਅਧਿਕਾਰ ਖੇਤਰ ਵਿਚ ਕਿਸੇ ਵੀ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਲਈ ਤੁਹਾਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਕਿਉਂਕਿ ਤੁਸੀਂ ਕਾਨੂੰਨ ਦੇ ਅਧੀਨ ਜਵਾਬਦੇਹ ਹੋਵੋਗੇ।
ਉਨ੍ਹਾਂ ਨੇ ਸੀਪੀਜ਼ ਅਤੇ ਐਸਐਸਪੀਜ਼ ਨੂੰ ਗੈਂਗਸਟਰਾਂ ਵਿਰੁੱਧ ਇਸ ਜੰਗ 'ਚ ਫਰੰਟ ਤੋਂ ਅਗਵਾਈ ਕਰਨ ਅਤੇ ਨਿੱਜੀ ਤੌਰ 'ਤੇ ਆਪਰੇਸ਼ਨ ਅਤੇ ਪੁੱਛਗਿੱਛ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਕੇ ਸੂਬੇ 'ਚ ਗੈਂਗਸਟਰਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਠੋਸ ਮੁਹਿੰਮ ਚਲਾਏਗੀ ਅਤੇ ਫੋਰਸ ਦੇ ਆਗੂਆਂ ਵਜੋਂ ਤੁਸੀਂ ਅਹਿਮ ਭੂਮਿਕਾ ਨਿਭਾਓਗੇ। ਭਗਵੰਤ ਮਾਨ ਨੇ ਲਿਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਕਮਿਸ਼ਨਰ ਅਤੇ ਐੱਸਐੱਸਪੀ ਅੱਗੇ ਵਧ ਕੇ ਪੰਜਾਬ 'ਚ ਗੈਂਗਸਟਰਾਂ ਵਿਰੁੱਧ ਜੰਗ ਦੀ ਅਗਵਾਈ ਕਰਨ।
ਮੁੱਖ ਮੰਤਰੀ ਨੇ ਆਪਣੀ ਚਿੱਠੀ 'ਚ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੰਜਾਬ ਪੁਲਿਸ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਉਹਨਾਂ ਨਾਲ ਸਬੰਧਤ ਡੇਟਾ, ਭਗੌੜੇ ਗੈਂਗਸਟਰਾਂ ਵਿਰੁੱਧ ਕਾਰਵਾਈ ਅਤੇ ਐਂਟੀ ਗੈਂਗਸਟਰ ਆਪ੍ਰੇਸ਼ਨ ਜਾਰੀ ਰੱਖੇਗੀ।
ਕਾਬਿਲੇਗੌਰ ਹੈ ਕਿ ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਕਤਲ ਅਤੇ ਮਾਰਕੁੱਟ ਦੀਆਂ ਵੱਧ ਰਹੀਆਂ ਵਾਰਦਾਤਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧ ਰਹੀਆਂ ਹਨ।