ਚੰਡੀਗੜ੍ਹ: ਜਦੋਂ ਪੰਜਾਬ ਕਾਂਗਰਸ ਦਾ ਵਿਵਾਦ ਦਿੱਲੀ ਦਰਬਾਰ ਤੱਕ ਪਹੁੰਚਿਆ ਤਾਂ ਉਸ ਤੋਂ ਬਾਅਦ ਕਾਂਗਰਸ ਨੇ ਇਸ ਵਿਵਾਦ ਦੇ ਹੱਲ ਲਈ 3 ਮੈਂਬਰਾਂ ਦੀ ਕਮੇਟੀ ਬਣਾਈ। ਹਾਲ ਹੀ ਵਿੱਚ ਇਸ ਕਮੇਟੀ ਨੇ ਦਿੱਲੀ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਦਿੱਲੀ ਪਹੁੰਚ ਗਏ। ਜਿਥੇ ਉਨ੍ਹਾਂ ਇਸ ਕਮੇਟੀ ਦੇ ਸਾਹਮਣੇ ਜਾ ਕੇ ਆਪਣੀ ਗੱਲ ਰੱਖੀ। ਹੁਣ ਇਹ 3 ਮੈਂਬਰੀ ਕਮੇਟੀ ਆਪਣੀ ਰਿਪੋਰਟ ਪਾਰਟੀ ਹਾਈ ਕਮਾਂਨ ਭਾਵ ਸੋਨੀਆ ਗਾਂਧੀ ਨੂੰ ਸੌਂਪੇਗੀ। ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਕਾਂਗਰਸ ਕਿਸ ਤਰ੍ਹਾਂ ਪੰਜਾਬ 'ਚ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਅਪਣਾਉਂਦੀ ਹੈ।
ਕਮੇਟੀ ਸਾਹਮਣੇ ਵਿਧਾਇਕਾਂ ਨੇ ਰੱਖੀ ਆਪਣੀ ਗੱਲ
ਸਾਰੇ ਵਿਧਾਇਕਾਂ ਨੇ ਆਪਣੀ ਗੱਲ ਦਿੱਲੀ ਦਰਬਾਰ 'ਚ 3 ਮੈਂਬਰੀ ਕਮੇਟੀ ਦੇ ਸਾਹਮਣੇ ਰੱਖੀ। ਇਨ੍ਹਾਂ ਵਿੱਚੋਂ ਬਹੁਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਦਿਖਾਈ ਦਿੱਤੇ। ਜਦੋਂ ਕਿ ਬਹੁਤ ਘੱਟ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ੍ਹੇ ਵੇਖੇ ਗਏ ਸਨ। ਸੂਤਰਾਂ ਦੇ ਅਨੁਸਾਰ ਦਿੱਲੀ ਦਰਬਾਰ ਵਿੱਚ ਵਿਧਾਇਕਾਂ ਦੀ ਆਮਦ ਤੋਂ ਪਹਿਲਾਂ ਪੰਜਾਬ 'ਚ ਕਾਂਗਰਸ ਵਿੱਚ ਅਮਰਿੰਦਰ ਸਿੰਘ ਦਾ ਜੋ ਵਿਰੋਧ ਦਿਖਾਈ ਦੇ ਰਿਹਾ ਸੀ, ਉਹ ਦਿੱਲੀ 'ਚ ਦੇਖਣ ਨੂੰ ਨਹੀਂ ਮਿਲਿਆ ਅਤੇ ਸਾਰੇ ਵਿਧਾਇਕ ਸ਼ਾਂਤ ਨਜ਼ਰ ਆਏ।
ਕੈਪਟਨ ਨਾਲ ਜ਼ਿਆਦਾਤਰ ਵਿਧਾਇਕ, ਸਿੱਧੂ ਲੱਗੇ ਕਮਜ਼ੋਰ
ਦਿੱਲੀ ਦਰਬਾਰ ਪਹੁੰਚੇ ਬਹੁਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਦਿਖਾਈ ਦਿੱਤੇ ਸਨ। ਸੂਤਰਾਂ ਅਨੁਸਾਰ ਬਹੁਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹਨ, ਹਾਲਾਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਕੈਪਟਨ ਅਮਰਿੰਦਰ ਸਿੰਘ ਤੋਂ ਘੱਟ ਅਤੇ ਉਨ੍ਹਾਂ ਦੇ ਕੰਮਕਾਜ਼ ਦੇ ਤਰੀਕਿਆਂ ਤੋਂ ਜ਼ਿਆਦਾ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਕਿ ਸੀ ਕਿ ਕੈਪਟਨ ਆਪਣੇ ਕੰਮਕਾਜ ਦੇ ਤਰੀਕੇ ਨੂੰ ਬਦਲਣ ਤਾਂ ਜੋ ਉਹ ਲੋਕਾਂ 'ਚ ਜਾ ਸਕਣ। ਭਾਵ ਕਿ ਬਹੁਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹਨ, ਅਤੇ ਉਹ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜਨ ਲਈ ਤਿਆਰ ਹਨ। ਪਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਢੰਗ ਬਾਰੇ ਨਿਸ਼ਚਤ ਤੌਰ 'ਤੇ ਸਵਾਲ ਖੜੇ ਕੀਤੇ ਹਨ।
ਵਿਧਾਇਕਾਂ ਦੀ ਕੈਪਟਨ ਤੋਂ ਨਾਰਾਜ਼ਗੀ ਦਾ ਸਿੱਧੂ ਨੂੰ ਨਹੀਂ ਮਿਲੇਗਾ ਲਾਭ
ਭਾਵੇ ਦਿੱਲੀ ਦਰਬਾਰ 'ਚ ਕਈ ਵਿਧਾਇਕਾਂ ਨੇ ਕੈਪਟਨ ਦੇ ਕੰਮਕਾਜ 'ਤੇ ਸਵਾਲ ਖੜੇ ਕੀਤੇ ਹਨ, ਪਰ ਸੂਤਰਾਂ ਅਨੁਸਾਰ ਸਿੱਧੂ ਨੂੰ ਇਸਦਾ ਸਿੱਧਾ ਫਾਇਦਾ ਨਜ਼ਰ ਨਹੀਂ ਆਉਂਦਾ। ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿਚ ਆਏ ਵਿਧਾਇਕਾਂ ਦੀ ਗਿਣਤੀ 10 ਤੋਂ ਵੱਧ ਨਹੀਂ ਹੈ। ਜਦਕਿ ਬਹੁਤੇ ਵਿਧਾਇਕ ਅਮਰਿੰਦਰ ਸਿੰਘ ਦੇ ਨਾਲ ਖੜੇ ਹਨ। ਅਜਿਹੀ ਸਥਿਤੀ ਵਿੱਚ ਹਾਈਕਮਾਨ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣਾਂ ਲੜਨਾ ਚਾਹੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਪਾਰਟੀ ਸੂਬੇ 'ਚ ਕੁਝ ਤਬਦੀਲੀਆਂ ਕਰ ਸਕਦੀ ਹੈ, ਤਾਂ ਜੋ ਸਾਰੇ ਧੜੇ ਇਕੱਠੇ ਹੋ ਸਕਣ।
ਚੋਣਾਂ ਤੋਂ ਪਹਿਲਾਂ ਕਾਂਗਰਸ ਕਰ ਸਕਦੀ ਕੁਝ ਬਦਲਾਅ
ਜੇ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਉਪ ਮੁੱਖ ਮੰਤਰੀ ਦੀ ਚੋਣ 'ਤੇ ਵੀ ਕੰਮ ਕਰ ਸਕਦੀ ਹੈ। ਕਿਉਂਕਿ ਭਾਜਪਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਪੰਜਾਬ 'ਚ ਕਿਸੇ ਦਲਿਤ ਨੂੰ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਬਣਾਏਗੀ। ਜਿਸ ਤੋਂ ਬਾਅਦ ਅਕਾਲੀ ਦਲ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਉਪ ਮੁੱਖ ਮੰਤਰੀ ਵਜੋਂ ਇੱਕ ਦਲਿਤ ਚਿਹਰੇ ਨੂੰ ਵੀ ਪਹਿਲ ਦੇਵੇਗੀ। ਉਥੇ ਹੀ ਆਮ ਆਦਮੀ ਪਾਰਟੀ ਵੀ ਆਪਣੇ ਆਪ ਨੂੰ ਇਸ ਪੜਾਅ ਤੋਂ ਬਾਹਰ ਨਹੀਂ ਰੱਖ ਸਕੀ ਅਤੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਦਲਿਤ ਉਪ ਮੁੱਖ ਮੰਤਰੀ ਬਣਾਉਣਗੇ। ਜਿਸ ਤੋਂ ਬਾਅਦ ਕਾਂਗਰਸ ਵੀ ਆਪਣੇ ਆਪ ਨੂੰ ਇਸ ਦੌੜ 'ਚ ਸ਼ਾਮਲ ਕਰਨ ਬਾਰੇ ਸੋਚ ਰਹੀ ਹੋਵੇਗੀ ਕਿ ਚੋਣਾਂ ਤੋਂ ਪਹਿਲਾਂ ਇਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਕੇ ਉਹ ਦਲਿਤ ਵੋਟ ਬੈਂਕ ਨੂੰ ਵੀ ਬਚਾਉਣਾ ਚਾਹੇਗੀ।
ਕੀ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣਨਗੇ?
ਸੂਤਰਾਂ ਅਨੁਸਾਰ ਜਿੱਥੋਂ ਤੱਕ ਸਿੱਧੂ ਦਾ ਸਵਾਲ ਹੈ, ਪਾਰਟੀ ਪ੍ਰਧਾਨ ਦੇ ਅਹੁਦੇ ਦੀ ਕਮਾਨ ਉਨ੍ਹਾਂ ਨੂੰ ਸੌਂਪ ਸਕਦੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਬਾਰੇ ਪਾਰਟੀ ਅੰਦਰ ਵਿਚਾਰ ਵਟਾਂਦਰੇ ਵੀ ਹੋ ਰਹੇ ਹਨ। ਪਰ ਸਿੱਧੂ ਦੀ ਕੰਮ ਕਰਨ ਦੀ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਅਜੇ ਵੀ ਇਸ ਤੇ ਸ਼ੱਕ ਕਰਦੇ ਹਨ। ਇਸ ਦੇ ਬਾਵਜੂਦ ਮਾਹਰ ਮੰਨਦੇ ਹਨ ਕਿ ਸਿੱਧੂ ਨੂੰ ਪ੍ਰਧਾਨ ਦਾ ਅਹੁਦਾ ਮਿਲ ਸਕਦਾ ਹੈ। ਪਰ ਇਸ ਦੀਆਂ ਸੰਭਾਵਨਾਵਾਂ ਮਜ਼ਬੂਤ ਨਹੀਂ ਜਾਪਦੀਆਂ। ਅਜਿਹੀ ਸਥਿਤੀ ਵਿੱਚ ਜੇ ਸਿੱਧੂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਨਹੀਂ ਮਿਲਦਾ ਤਾਂ ਸਿੱਧੂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ, ਇਹ ਵੀ ਵੇਖਣਾ ਦਿਲਚਸਪ ਹੋਵੇਗਾ।
ਪੰਜਾਬ 'ਚ ਗਰਮ, ਦਿੱਲੀ 'ਚ ਨਰਮ
ਪਾਰਟੀ ਸੂਤਰਾਂ ਅਨੁਸਾਰ ਸਾਰੇ ਵਿਧਾਇਕਾਂ ਨੇ ਆਪਣੀ ਗੱਲ ਦਿੱਲੀ ਦਰਬਾਰ 'ਚ ਰੱਖੀ। ਪਰ ਦਿੱਲੀ ਦਰਬਾਰ ਵਿਚ ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਪੰਜਾਬ 'ਚ ਕਾਂਗਰਸ 'ਚ ਜਿਸ ਕਿਸਮ ਦਾ ਮਾਹੌਲ ਵੇਖਿਆ ਗਿਆ ਸੀ, ਉਹੋ ਜਿਹਾ ਮਾਹੌਲ ਉਥੇ ਨਹੀਂ ਵੇਖਿਆ ਗਿਆ। ਕਿਉਂਕਿ ਬਹੁਤੇ ਵਿਧਾਇਕਾਂ ਨੇ ਖੁੱਲ੍ਹ ਕੇ ਅਮਰਿੰਦਰ ਸਿੰਘ ਖਿਲਾਫ ਗੱਲ ਨਹੀਂ ਕੀਤੀ। ਇਸ ਲਈ ਪਾਰਟੀ ਕਿਸੇ ਵੀ ਤਰੀਕੇ ਨਾਲ ਅਮਰਿੰਦਰ ਸਿੰਘ ਨੂੰ ਦਰਕਿਨਾਰਾ ਨਹੀਂ ਕਰ ਸਕਦੀ। ਅਜਿਹੀ ਸਥਿਤੀ ਵਿੱਚ ਸਿੱਧੂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਪਾਰਟੀ ਸਿੱਧੂ ਨੂੰ ਕੁਝ ਹੋਰ ਅਹੁਦਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕਰ ਸਕਦੀ ਹੈ, ਤਾਂ ਜੋ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਜੋ ਗੜਬੜ ਪੈਦਾ ਹੋਈ ਹੈ, ਉਸ ਨੂੰ ਸ਼ਾਂਤ ਕੀਤਾ ਜਾ ਸਕੇ।
ਕੈਪਟਨ ਸਿੱਧੂ ਲੜਾਈ ਦਾ ਸੁਨੀਲ ਜਾਖੜ ਨੂੰ ਵੱਧ ਨੁਕਸਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਲੜਾਈ ਦਾ ਜੇਕਰ ਸਭ ਤੋਂ ਵੱਡਾ ਭੁਗਤਾਨ ਦੇਖਿਆ ਜਾਵੇ ਤਾਂ ਉਥੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਬੁਗਤਣਾ ਪੈ ਸਕਦਾ ਹੈ। ਜਿਵੇਂ ਕਿ ਸੂਤਰ ਦੱਸ ਰਹੇ ਹਨ ਕਿ ਜੇ ਹਾਈ ਕਮਾਨ ਪਾਰਟੀ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦੇਵੇ, ਤਾਂ ਇਹ ਤੈਅ ਹੈ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਲਵਿਦਾ ਕਹਿ ਦਿੱਤਾ ਜਾਵੇਗਾ। ਭਾਵ ਕਿ ਕੈਪਟਨ ਅਤੇ ਸਿੱਧੂ ਦੀ ਇਸ ਲੜਾਈ 'ਚ ਜਾਖੜ ਨੂੰ ਨੁਕਸਾਨ ਝੱਲਣਾ ਪਏਗਾ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਲੱਗ ਹੋਣਾ ਪਵੇਗਾ।
ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਹ ਕੱਲ੍ਹ ਜਿਸ ਗੱਲ 'ਤੇ ਖੜ੍ਹੇ ਸਨ, ਉਹ ਅੱਜ ਵੀ ਉਹੀ ਗੱਲ ‘ਤੇ ਖੜੇ ਹਨ, ਉਨ੍ਹਾਂ ਨੇ ਜੋ ਸੱਚ ਹੈ ਉਸ ਨੂੰ ਸਭ ਦੇ ਸਾਹਮਣੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਚ ਨੂੰ ਦਬਾਇਆ ਜਾ ਸਕਦਾ ਹੈ ਪਰ ਇਸ ਨੂੰ ਹਰਾਇਆ ਨਹੀਂ ਜਾ ਸਕਦਾ। ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।
'ਮੁੱਖ ਮੰਤਰੀ ਦਾ ਪਾਲਾ ਇਸ ਲਈ ਮਜ਼ਬੂਤ'
ਜੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਵੇ ਕਿ ਉਹ ਜਾਣਦੇ ਹਨ ਕਿ ਰਾਜਨੀਤਿਕ ਚਾਲ ਕੀ ਹੁੰਦੀ, ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਆਪਣੇ ਖਿਲਾਫ਼ ਉਠ ਰਹੀਆਂ ਅਵਾਜਾਂ ਨੂੰ ਇੱਕ ਮਿੰਟ 'ਚ ਬੰਦ ਕਰਨ ਲਈ ਸੁਖਪਾਲ ਸਿੰਘ ਖਹਿਰਾ ਸਮੇਤ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਕਾਂਗਰਸ 'ਚ ਉਸ ਸਮੇਂ ਸ਼ਾਮਲ ਕਰਵਾਇਆ ਜਦੋਂ ਉਹ ਕਮੇਟੀ ਨੂੰ ਮਿਲਣ ਜਾ ਰਹੇ ਸਨ। ਇਸ ਨੂੰ ਲੈ ਕੇ ਰਾਜਨੀਤਿਕ ਗਲਿਆਰਿਆਂ 'ਚ ਕਾਫ਼ੀ ਚਰਚਾ ਹੋਈ ਹੈ। ਇਸ ਸਮੇਂ ਕਮੇਟੀ ਨੂੰ ਦਿੱਤੇ ਸੁਝਾਵਾਂ ਤੋਂ ਬਾਅਦ ਸੀਐੱਮ ਨੇ ਸਿਰਫ ਮੀਡੀਆ ਨੂੰ ਦੱਸਿਆ ਕਿ ਚੋਣਾਂ ਨੇੜੇ ਹਨ, ਇਸ ਲਈ ਸਾਰਿਆਂ ਨੇ ਆਪਣੀ ਗੱਲ ਰੱਖੀ ਹੈ, ਪਰ ਮਾਹਰ ਦੱਸਦੇ ਹਨ ਕਿ ਸੀਐਮ ਨੇ ਆਪਣੀਆਂ ਰਾਜਨੀਤਿਕ ਚਾਲ ਚੱਲ ਕੇ ਸਭ ਦਾ ਮੂੰਹ ਬੰਦ ਕਰ ਦਿੱਤਾ ਹੈ।
ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ 'ਚ ਹੰਗਾਮਾ ਜਾਰੀ
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਨੇ ਆਪਣੀ ਸਰਕਾਰ ਖਿਲਾਫ ਬੇਅਦਬੀ ਮਾਮਲਿਆਂ ਨੂੰ ਲੈਕੇ ਮੋਰਚਾ ਖੋਲ੍ਹਿਆ ਸੀ। ਇਸ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਚਾਲੇ ਤਣਾਅ ਇਨਾ ਵੱਧ ਗਿਆ ਸੀ ਕਿ ਪੰਜਾਬ ਦੀ ਰਾਜਨੀਤੀ 'ਚ ਭੁਚਾਲ ਆ ਗਿਆ ਸੀ। ਇਸ ਭੁਚਾਲ ਨੂੰ ਖਤਮ ਕਰਨ ਲਈ ਹਾਈ ਕਮਾਨ ਨੇ 3 ਮੈਂਬਰੀ ਕਮੇਟੀ ਬਣਾਈ ਅਤੇ ਸਾਰੇ ਵਿਧਾਇਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਹੁਣ ਵੇਖਣਾ ਇਹ ਹੋਵੇਗਾ ਕਿ ਕਮੇਟੀ ਹਾਈ ਕਮਾਂਨ ਨੂੰ ਕਿਸ ਤਰ੍ਹਾਂ ਦੀ ਰਿਪੋਰਟ ਦਿੰਦੀ ਹੈ, ਅਤੇ ਕੀ ਇਸ ਤੋਂ ਬਾਅਦ ਕਾਂਗਰਸ ਦਾ ਵਿਵਾਦ ਖ਼ਤਮ ਹੋ ਜਾਂਦਾ ਹੈ ਜਾਂ ਫਿਰ ਜਾਰੀ ਰਹਿੰਦਾ ਹੈ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਇਸ ਸਮੇਂ ਬੇਸਹਾਰਾ ਤੇ ਗੁੰਮਸ਼ੁਦਾ- ਸ਼ਵੇਤ ਮਲਿਕ