ਚੰਡੀਗੜ੍ਹ: ਬੇਅਦਬੀ ਮਾਮਲੇ 'ਚ ਨਾਮਜ਼ਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ।ਉਮਰਾਨੰਗਲ ਨੇ ਇਹ ਪਟੀਸ਼ਨ ਖ਼ੁਦ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ, ਜਾਂਚ ਰਿਪੋਰਟ ਰੱਦ ਤੇ ਐਸਆਈਟੀ ਤੋਂ ਆਈਜੀ ਕੁਵੰਰ ਵਿਜੈ ਪ੍ਰਤਾਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਾਖਲ ਕੀਤੀ ਗਈ ਹੈ।
ਜਸਟਿਸ ਗਿਰੀਸ਼ ਅਗਨੀਹੋਤਰੀ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਤੇ ਇਸ ਮਾਮਲੇ ਦੀ ਜਾਂਚ ਨਾਲ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਜਵਾਬ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।
ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਦਾਖਲ ਪਟੀਸ਼ਨ 'ਚ ਕਿਹਾ ਗਿਆ, " ਉਹ ਜੁਲਾਈ 2015 ਤੋਂ ਲੈ ਕੇ ਮਾਰਚ 2016 ਤੱਕ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ। ਜਿਸ ਸਮੇਂ ਬਹਿਬਲ ਕਲਾਂ 'ਚ ਗੋਲੀਡਕਾਂਡ ਦੀ ਘਟਨਾ ਵਾਪਰੀ, ਉਸ ਸਮੇਂ ਵੀ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ 'ਚ ਕਿਸੇ ਵੀ ਥਾਂ ਉੱਤੇ ਉਨ੍ਹਾਂ ਦਾ ਨਾਂਅ ਨਹੀਂ ਦਿੱਤਾ। ਇਸ ਦੇ ਬਾਵਜੂਦ ਉਨ੍ਹਾਂ ਦੇ ਖਿਲਾਫ 7 ਅਗਸਤ 2018 ਨੂੰ ਕੋਟਕਪੂਰਾ ਪੁਲਿਸ ਥਾਣੇ 'ਚ ਆਈਪੀਸੀ ਦੀ ਧਾਰਾ 307,326,324,323,341,201,218,120 ਬੀ ,34 ,ਆਰਮਜ਼ ਐਕਟ ਦੀ ਧਾਰਾ 27 ਸਣੇ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ 23 ਮਈ ਤੇ 15 ਨਵੰਬਰ 2019 ਨੂੰ ਉਨ੍ਹਾਂ ਖਿਲਾਫ਼ ਰਿਪੋਰਟ ਪੇਸ਼ ਕੀਤੀ ਗਈ।ਉਮਰਾਨੰਗਲ ਨੇ ਕੋਰਟ ਤੋਂ ਉਨ੍ਹਾਂ ਖਿਲਾਫ਼ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ। ਉਮਰਾਨੰਗਲ ਨੇ ਕੁਵੰਰ ਵਿਜੈ ਪ੍ਰਤਾਪ ਉੱਤੇ ਨਿੱਜੀ ਰੰਜਿਸ਼ ਦੇ ਕਾਰਨ ਇਸ ਮਾਮਲੇ 'ਚ ਫਸਾਏ ਜਾਣ ਦੇ ਦੋਸ਼ ਲਾਏ ਤੇ ਉਨ੍ਹਾਂ ਨੂੰ ਐਸਆਈਟੀ ਤੋਂ ਹਟਾਏ ਜਾਣ ਦੀ ਮੰਗ ਕੀਤੀ। "
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਰਾਜਨੀਤਕ ਰੰਜਿਸ਼ ਦੇ ਚਲਦੇ ਉਨ੍ਹਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ।