ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਮਾਮਲੇ ਵਿੱਚ ਮਰੀਜ਼ ਪ੍ਰੀਤਮ ਸਿੰਘ ਦੇ ਪਰਿਵਾਰ ਵੱਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਿਵਾਰ ਵੱਲੋਂ ਦਾਖ਼ਲ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।
ਪਟੀਸ਼ਨ ਕਰਤਾ ਦੇ ਵਕੀਲ ਰਾਜੀਵ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰਾਂ ਨੇ ਪ੍ਰੀਤਮ ਸਿੰਘ ਦੀ ਮੌਤ ਦੀ ਖ਼ਬਰ 13 ਜੁਲਾਈ ਨੂੰ ਦਿੱਤੀ ਸੀ ਅਤੇ ਜਦੋਂ ਉਨ੍ਹਾਂ ਦੇ ਬੇਟੇ ਨੇ ਆਈਸੀਯੂ ਵਿੱਚ ਵੇਖਿਆ ਤਾਂ ਉਹ ਜ਼ਿੰਦਾ ਸਨ। ਇਸ ਤੋਂ ਬਾਅਦ 18 ਜੁਲਾਈ ਮੁੜ ਤੋਂ ਡਾਕਟਰਾਂ ਦਾ ਫੋਨ ਆਇਆ ਕਿ ਪ੍ਰੀਤਮ ਸਿੰਘ ਦੀ ਮੌਤ ਹੋ ਚੁੱਕੀ ਹੈ ਪਰ ਜਦੋਂ ਪਰਿਵਾਰ ਨੂੰ ਲਾਸ਼ ਭੇਜੀ ਗਈ ਤਾਂ ਉਹ ਲਾਸ਼ ਕਿਸੇ ਔਰਤ ਦੀ ਸੀ।
ਰਾਜੀਵ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਪ੍ਰੀਤਮ ਸਿੰਘ ਜ਼ਿੰਦਾ ਹੈ। ਇਸੇ ਕਰਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਟੀਸ਼ਨ ਦਾਖ਼ਲ ਕਰਕੇ ਇਸ 'ਤੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਵੀ ਕਿਡਨੀ ਸਕੈਮ ਦੇ ਮਾਮਲੇ ਸਾਹਮਣੇ ਆਏ ਹਨ। ਇਸ ਲਈ ਉਨ੍ਹਾਂ ਨੇ ਇਹ ਵੀ ਖ਼ਦਸ਼ਾ ਜਤਾਇਆ ਕਿ ਮਹਾਂਮਾਰੀ ਦੌਰਾਨ ਹਸਪਤਾਲ ਕੋਈ ਅਜਿਹਾ ਸਕੈਮ ਨਾ ਚਲਾ ਰਿਹਾ ਹੋਵੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਦਰਜਨ ਦੇ ਕਰੀਬ ਹਮਲਾਵਰਾਂ ਵੱਲੋਂ 2 ਸਕੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ