ਚੰਡੀਗੜ੍ਹ: 8 ਮਾਰਚ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸੋਸ਼ਲ ਵੈਲਫੇਅਰ ਵਿਭਾਗ ਚੰਡੀਗੜ੍ਹ ਵੱਲੋਂ ਮਹਿਲਾ ਹੈਲਥ ਵਰਕਰਜ਼ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਮਹਿਲਾ ਸਫਾਈ ਕਰਮਚਾਰੀਆਂ ਤੇ ਫ਼ਰੰਟਲਾਈਨ ਹੈਲਥ ਵਰਕਰਜ਼ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਤੇ ਮਹਿਲਾ ਹੈਲਥ ਵਰਕਰਜ਼ ਤੇ ਮਹਿਲਾ ਸਫਾਈ ਕਰਮਚਾਰੀਆਂ ਨੂੰ ਤੋਹਫੇ ਵੰਡੇ ਗਏ।
ਸਮਾਗਮ 'ਚ ਹਿੱਸਾ ਲੈਣ ਵਾਲੀ ਮਹਿਲਾ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਰੋਜ਼ਾਨਾ ਆਪਣੇ ਘਰੋਂ ਕੰਮ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਨੂੰ ਇਸ ਦਿਨ ਦੀ ਜਾਣਕਾਰੀ ਨਹੀਂ ਸੀ, ਪਰ ਅੱਜ ਉਨ੍ਹਾਂ ਨੂੰ ਮਹਿਲਾ ਦਿਵਸ ਦੇ ਸਮਾਗਮ 'ਚ ਹਿੱਸਾ ਲੈ ਕੇ ਬੇਹਦ ਚੰਗਾ ਲੱਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਨੇ ਪੂਰੀ ਤਨਦੇਹੀ ਨਾਲ ਆਪਣਾ ਕੰਮ ਕੀਤਾ। ਹਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ।
ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਮੌਜੂਦਾ ਸਮੇਂ 'ਚ ਮਹਿਲਾਵਾਂ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਇਥੋਂ ਤੱਕ ਕੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਮਹਿਲਾ ਹੈਲਥ ਵਰਕਰਜ਼ ਨੇ ਫਰੰਟਲਾਈਨ 'ਚ ਰਹਿ ਕੇ ਕੰਮ ਕੀਤਾ।
ਸੋਸ਼ਲ ਵੈਲਫੇਅਰ ਦੀ ਅਫਸਰ ਨੇਹਾ ਕਾਲੀਆਂ ਨੇ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਉਨ੍ਹਾਂ ਮਹਿਲਾਵਾਂ ਨੂੰ ਸਮਰਪਿਤ ਹੈ ਜੋ ਕਿ ਸਾਰਾ ਦਿਨ ਸਭ ਲਈ ਕੰਮਕਾਜ ਕਰਦੀਆਂ ਹਨ, ਪਰ ਉਹ ਖ਼ੁਦ ਲਈ ਕੁੱਝ ਨਹੀਂ ਕਰਦੀਆਂ। ਉਨ੍ਹਾਂ ਆਖਿਆ ਕਿ ਸਾਨੂੰ ਸਭ ਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।