ਚੰਡੀਗੜ੍ਹ: ਸੰਨ 1992 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਹਿਰਾਸਤੀ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਲਗਾਤਾਰ ਘਿਰੇ ਹੋਏ ਹਨ। ਇਸ ਮਾਮਲੇ ਵਿੱਚ ਸੈਣੀ ਵੱਲੋਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ 'ਚ ਦਾਇਰ ਪਟੀਸ਼ਨਾਂ ਅਦਾਲਤ ਨੇ ਖ਼ਾਰਜ ਕਰ ਦਿੱਤੀਆਂ ਹਨ। ਸੈਣੀ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਅਤੇ ਕੇਸ ਨੂੰ ਸੀਬੀਆਈ ਕੋਲ ਤਬਦੀਲ ਕਰਨ ਦੀ ਮੰਗ ਕਰਦੀਆਂ 2 ਪਟੀਸ਼ਨਾਂ ਅਦਾਲਤ ਵਿੱਚ ਦਾਇਰ ਕੀਤੀਆਂ ਸਨ। ਹੁਣ ਕਿਸੇ ਵੇਲੇ ਵੀ ਇਸ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸੈਣੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਇਸ ਬਾਰੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਰਕਾਰੀ ਵਕੀਲ ਸੁਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਇਸ ਕਰਕੇ ਖ਼ਾਰਜ ਕਰ ਦਿੱਤੀ ਕਿ 302 ਧਾਰਾ ਦੇ ਕੇਸ ਵਿੱਚ ਜੁੜ ਜਾਣ ਤੋਂ ਬਾਅਦ ਸੈਣੀ ਉਸ ਦੇ ਹੱਕਦਾਰ ਨਹੀਂ ਹਨ।
ਇਸੇ ਤਰ੍ਹਾਂ ਹੀ ਦੂਜੀ ਪਟੀਸ਼ਨ ਬਾਰੇ ਵੀ ਅਦਾਲਤ ਨੂੰ ਦੱਸਿਆ ਗਿਆ ਕਿ ਸੀਬੀਆਈ ਪਹਿਲਾਂ ਹੀ ਸੈਣੀ ਦੇ ਦਬਾਅ ਅਧੀਨ ਹੈ। ਇਸੇ ਨਾਲ ਹੀ ਇਸ ਕੇਸ ਵਿੱਚ ਅਪਰਾਧ ਦੀ ਨਵੀਂ ਧਾਰਾ 302 ਦਾ ਵਾਧਾ ਹੋਇਆ ਹੈ। ਇਸ ਕਾਰਨ ਜੇਕਰ ਸੈਣੀ ਕੋਈ ਰਾਹਤ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਨਵੇਂ ਸਿਰੇ ਤੋਂ ਸੱਜਰੀ ਪਟੀਸ਼ਨ ਦਾਖ਼ਲ ਕਰਨੀ ਚਾਹੀਦੀ ਹੈ।
ਤੁਹਾਨੂੰ ਦੱਸ ਦਈਏ ਕਿ 29 ਸਾਲ ਪੁਰਾਣੇ ਇਸ ਮਾਮਲੇ ਵਿੱਚ ਸੈਣੀ ਇਸ ਵੇਲੇ ਬਹੁਤ ਕਸੂਤੀ ਸਥਿਤੀ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ। ਸੈਣੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਕਈ ਦਿਨਾਂ ਤੋਂ ਰੂਪਪੋਸ਼ ਹਨ। ਫਿਲਹਾਲ ਸੈਣੀ ਕੋਲ ਗ੍ਰਿਫ਼ਤਾਰੀ ਤੋਂ ਬਚਣ ਇੱਕੋ-ਇੱਕ ਰਾਹ ਸੁਪਰੀਮ ਕੋਰਟ ਦਾ ਬਚਿਆ ਹੈ। ਅਦਾਲਤ ਦੇ ਅੱਜ ਦੇ ਫੈਸਲੇ ਤੋਂ ਬਾਅਦ ਐੱਸਆਈਟੀ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਸੈਣੀ ਦੀ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ।