ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਧਾਨ ਸਭਾ ਭਵਨ 'ਚ ਪੂਰਾ ਹਿੱਸਾ ਨਾ ਮਿਲਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਚਿੱਠੀ ਲਿੱਖੀ।
ਇਸ ਚਿੱਠੀ 'ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ 54 ਸਾਲ ਬਾਅਦ ਵੀ ਹਰਿਆਣਾ ਨੂੰ ਵਿਧਾਨ ਸਭਾ ਭਵਨ 'ਚ ਪੂਰਾ ਹਿੱਸਾ ਨਹੀਂ ਮਿਲਿਆ ਹੈ। ਪੰਜਾਬ ਦੀ ਵੰਡ ਕਰ ਕੇ ਹਰਿਆਣਾ ਰਾਜ ਬਣਾਇਆ ਗਿਆ ਸੀ ਤੇ ਦੋਹਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਹੈ।
ਇਸ ਬਾਰੇ ਦੱਸਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ 1966 'ਚ ਪੰਜਾਬ ਹਰਿਆਣਾ ਦੀ ਵੰਡ ਵੇਲੇ 60/40 ਰੇਸ਼ੀਓ ਦੇ ਹਿਸਾਬ ਨਾਲ ਕੈਪੀਟਲ ਕੰਪਲੈਕਸ ਵਿਧਾਨ ਸਭਾ ਦੀ ਵੀ ਵੰਡ ਕੀਤੀ ਗਈ ਸੀ। ਉਸ ਵੇਲੇ ਵਿਧਾਨ ਸਭਾ ਪ੍ਰੀਸ਼ਦ ਦੇ ਚੇਅਰਮੈਨ ਦੁਰਗਾ ਦਾਸ ਦੇ ਘਰ ਹੋਈ ਮੀਟਿੰਗ ਦੌਰਾਨ ਹਰਿਆਣਾ ਦੀ ਸਪੀਕਰ ਛੰਨੋ ਦੇਵੀ ਸਣੇ ਚੰਡੀਗੜ੍ਹ ਦੇ ਤਮਾਮ ਅਫਸਰ ਤੇ ਕੈਪੀਟਲ ਕੰਪਲੈਕਸ ਦੇ ਚੀਫ਼ ਇੰਜੀਨੀਅਰ ਮੌਜੂਦ ਸਨ। ਹਰਿਆਣਾ ਦੇ ਅਧਿਕਾਰੀਆਂ ਵੱਲੋਂ 2 ਨਵੰਬਰ 1966 ਨੂੰ ਹੋਈ ਬੈਠਕ ਵਿੱਚ 60/40 ਦੀ ਰੇਸ਼ੋ 'ਤੇ ਸਹਿਮਤੀ ਬਣੀ ਸੀ।
ਹੋਰ ਪੜ੍ਹੋ : ਜਲੰਧਰ 'ਚ ਨਕਲੀ ਬੀਜ ਵੇਚਣ ਦਾ ਮਾਮਲਾ, ਕਿਸਾਨਾਂ 'ਚ ਭਾਰੀ ਰੋਸ
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੋਹਾਂ ਸੂਬਿਆਂ ਦੇ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਇਹ ਵੰਡ ਕੀਤੀ ਗਈ ਸੀ ਤੇ ਅਜੇ ਵੀ ਹਰਿਆਣਾ ਘੱਟ ਥਾਂ ਹੋਣ ਦਾ ਰਾਗ ਅਲਾਪ ਰਿਹਾ ਹੈ। ਹੁਣ 54 ਸਾਲ ਬਾਅਦ ਹਰਿਆਣਾ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਥਾਂ ਘੱਟ ਹੋਣ ਦੀ ਯਾਦ ਆ ਗਈ ਹੈ। ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਰਿਆਣਾ ਦਾ ਇਕ ਵੀ ਇੰਚ ਥਾਂ ਨਹੀਂ ਬਣਦਾ ਤੇ ਨਾ ਹੀ ਪੰਜਾਬ ਇੱਕ ਵੀ ਇੰਚ ਜਗ੍ਹਾ ਹਰਿਆਣਾ ਨੂੰ ਦੇਵੇਗਾ।