ਚੰਡੀਗੜ੍ਹ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ ਕਿਉਂਕਿ ਹਰਿਆਣਾ ਸਰਕਾਰ ਹੁਣ ਸ਼ਰਾਬ 'ਤੇ ਕੋਵਿਡ ਟੈਕਸ ਲਾਉਣ ਜਾ ਰਹੀ ਹੈ। ਹਰਿਆਣਾ ਸਰਕਾਰ ਸ਼ਰਾਬ ਉੱਤੇ 2 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਟੈਕਸ ਲੈਣ ਜਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕੀਤਾ।
ਚੌਟਾਲਾ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਕਰਕੇ ਕਈ ਅਦਾਰਿਆਂ ਅਤੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਜਿਨ੍ਹਾਂ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹੇ ਕਰਨ ਲਈ ਇਹ ਟੈਕਸ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਬਾਬਤ ਲੋਕਾਂ ਦੀ ਰਾਇ ਲਈ ਜਾਵੇਗੀ ਕਿ ਸੂਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਕਿਵੇਂ ਖੁੱਲ੍ਹਣਗੀਆਂ, ਉਨ੍ਹਾਂ ਇਹ ਸੰਕੇਤ ਦਿੱਤਾ ਕਿ ਸ਼ਰਾਬ ਦੀਆਂ ਦੁਕਾਨਾਂ ਤਾਂ ਖੁੱਲ੍ਹਣਗੀਆਂ ਪਰ ਨਾਲ ਲਗਦੇ ਅਹਾਤੇ ਨਹੀਂ ਖੁੱਲ੍ਹਣਗੇ।
ਚੌਟਾਲਾ ਨੇ ਇਹ ਵੀ ਕਿਹਾ ਕਿ ਉਹ ਇੰਡਸਟਰੀ ਖੋਲ੍ਹਣ ਦੀ ਇਜਾਜ਼ਤ ਤਾਂ ਦੇ ਰਹੇ ਹਨ ਪਰ ਇਸ ਲਈ ਨਿਰਦੇਸ਼ ਗ੍ਰਹਿ ਮੰਤਰਾਲੇ ਤੋਂ ਵੀ ਜ਼ਿਆਦਾ ਸਖ਼ਤ ਹੋਣਗੇ।