ਚੰਡੀਗੜ੍ਹ: ਰਾਮ ਰਹੀਮ ਦੇ ਫਰਲੋ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਹੁਣ ਇਸ ਮਾਮਲੇ 'ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਫਰਲੋ ਦੌਰਾਨ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦੇ ਸਵਾਲ 'ਤੇ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਰਹੀਮ ਦੀ ਜ਼ੈੱਡ ਪਲੱਸ ਸੁਰੱਖਿਆ ਦੀ ਜਾਣਕਾਰੀ ਨਹੀਂ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਨਾ ਤਾਂ ਮੈਨੂੰ ਅਜਿਹੀ ਕੋਈ ਫਾਈਲ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੁਰੱਖਿਆ ਬਾਰੇ ਕੋਈ ਜਾਣਕਾਰੀ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਕਿਹਾ ਕਿ ਖੁਫੀਆ ਵਿਭਾਗ ਮੁੱਖ ਮੰਤਰੀ ਕੋਲ ਹੈ। ਪਰ ਅਜਿਹੇ ਗੰਭੀਰ ਮਾਮਲੇ ਬਾਰੇ ਗ੍ਰਹਿ ਮੰਤਰੀ ਦੀ ਜਾਣਕਾਰੀ ਦੀ ਘਾਟ ਕਈ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।
ਜਿਕਰਯੋਗ ਹੈ ਕਿ ਰਾਮ ਰਹੀਮ ਨੂੰ ਮਾਂ ਨੂੰ ਮਿਲਣ ਦੀ ਮੰਗ ’ਤੇ ਸੁਨਾਰੀਆ ਜੇਲ੍ਹ ਵਿੱਚੋਂ ਗੈਰਹਾਜਰੀ ਦੀ ਛੁੱਟੀ (ਫਰਲੋ) ਲਈ ਬਾਹਰ ਕੱਢਿਆ ਗਿਆ ਹੈ। ਉਹ 21 ਦਿਨਾਂ ਦੀ ਫਰਲੋ ’ਤੇ ਬਾਹਰ ਹੈ। ਇਸ ਦੌਰਾਨ ਪੰਜਾਬ ਵਿੱਚ ਚੋਣਾਂ ਵੀ ਹੋਈਆਂ ਹਨ। ਚੋਣਾਂ ਮੁਕੰਮਲ ਹੋਣ ਉਪਰੰਤ ਹੁਣ ਰਾਮ ਰਹੀਮ ਨੂੰ ਜੈੱਡ ਪਲੱਸ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ।
ਰਾਮ ਰਹੀਮ ਦੀ ਫਰਲੋ ਵਿਰੁੱਧ ਹਾਈਕੋਰਟ ਵਿੱਚ ਇੱਕ ਮਾਮਲਾ ਵਿਚਾਰ ਅਧੀਨ ਸੀ ਤੇ ਇਸੇ ਮਾਮਲੇ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਦਾਖ਼ਲ ਕਰਕੇ ਕਿਹਾ ਸੀ ਕਿ ਰਾਮ ਰਹੀਮ ਨੂੰ ਖਾਲੀਸਤਾਨੀ ਅੱਤਵਾਦੀਆਂ ਕੋਲੋਂ ਖਤਰਾ ਹੈ ਤੇ ਇਸ ਲਈ ਉਸ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਇਸ ਜਵਾਬ ਦੇ ਨਾਲ ਹੀ ਰਾਮ ਰਹੀਮ ਦੀ ਸੁਰੱਖਿਆ ਵਧਾਉਣ ਦੀ ਗੱਲ ਬਾਹਰ ਨਿਕਲੀ ਹੈ।
ਜਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਇੱਕ ਪਾਸੇ ਹਾਈਕੋਰਟ ਵਿੱਚ ਕਿਹਾ ਕਿ ਖਤਰੇ ਕਾਰਨ ਰਾਮ ਰਹੀਮ ਦੀ ਸੁਰੱਖਿਆ ਵਧਾਈ ਗਈ ਹੈ ਤੇ ਦੂਜੇ ਪਾਸੇ ਸੂਬੇ ਦੇ ਗ੍ਰਿਹ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਹੀ ਰਾਮ ਰਹੀਮ ਨੂੰ ਜੈੱਡ ਪਲੱਸ ਸੁਰੱਖਿਆ ਦੇਣ ਬਾਰੇ ਪਤਾ ਹੈ ਤੇ ਨਾ ਹੀ ਉਸ ਨੂੰ ਫਰਲੋ ਦੇਣ ਦੀ ਜਾਣਕਾਰੀ ਹੈ। ਉਨ੍ਹਾਂ ਇਹ ਗੱਲ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ ਹੈ।
ਇਹ ਵੀ ਪੜ੍ਹੋ: Bikram Majithia Drug case: ਮਜੀਠੀਆ ਨੂੰ ਮਿਲੀ ਰਾਹਤ ਅੱਜ ਖ਼ਤਮ, ਕਰਨਾ ਪਵੇਗਾ ਸਰੰਡਰ !