ਚੰਡੀਗੜ੍ਹ: ਨਵੀਂ ਖੇਤੀ ਕਾਨੂੰਨਾਂ ਸਬੰਧੀ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਤਲਖੀ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਹਿਲੀ ਵਾਰ ਅਧਿਕਾਰੀਆਂ ਵੱਲੋਂ ਦਿੱਲੀ ਆਉਣ ਦਾ ਸੱਦਾ ਕਿਸਾਨਾਂ ਨੇ ਨਾ ਮਨਜ਼ੂਰ ਕਰ ਦਿੱਤਾ ਸੀ ਪਰ ਦੂਜੀ ਵਾਰ ਕਿਸਾਨਾਂ ਨੇ ਕੇਂਦਰ ਦਾ ਸੱਦਾ ਮਨਜ਼ੂਰ ਕਰ ਲਿਆ ਅਤੇ ਅੱਜ ਦਿੱਲੀ ਵਿੱਚ ਉਨ੍ਹਾਂ ਨੂੰ ਮਿਲਣ ਪਹੁੰਚੇ ਪਰ ਅੱਜ ਦੀ ਬੈਠਕ ਬੇਸਿੱਟਾ ਰਹੀ। ਬੈਠਕ 'ਚ ਕੋਈ ਵੀ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਦਾ ਨੁਮਾਇੰਦਾ ਸ਼ਾਮਲ ਨਹੀਂ ਹੋਇਆ।
ਕੇਂਦਰ ਦਾ ਕਿਸਾਨਾਂ ਪ੍ਰਤੀ ਇਸ ਰਵੱਈਏ 'ਤੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਸਰਕਾਰ ਦੀ ਨਿਖੇਧੀ ਕੀਤੀ ਹੈ।
ਕੇਂਦਰ ਨੇ ਕਿਸਾਨਾਂ ਨਾਲ ਕੀਤਾ ਮਜ਼ਾਕ
ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੀ ਕਿਸਾਨਾਂ ਨਾਲ ਅੱਜ ਦੀ ਬੈਠਕ ਨੂੰ ਵੇਖ ਇਹ ਸਾਫ਼ ਹੁੰਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਬੈਠਕ ਨੇ ਨਾ ਸਿਰਫ਼ ਕਿਸਾਨਾਂ ਦਾ ਬਲਕਿ ਪੰਜਾਬ ਦਾ ਵੀ ਮਜ਼ਾਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਾਰ ਕਹਿੰਦੀ ਹੈ ਕਿ ਕਿਸਾਨ ਬੈਠਕ ਨਹੀਂ ਕਰਦੇ ਪਰ ਜਦੋਂ ਹੁਣ ਕਿਸਾਨ ਬੈਠਕ 'ਚ ਸ਼ਾਮਲ ਹੋਏ ਤਾਂ ਕੋਈ ਮੰਤਰੀ ਨਹੀਂ ਪਹੁੰਚਿਆ ਜਿਸ ਨੂੰ ਹਰਪਾਲ ਚੀਮਾ ਨੇ ਕਿਸਾਨਾਂ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ।
ਹਰਪਾਲ ਚੀਮਾ ਨੇ ਕੇਂਦਰ 'ਤੇ ਦੋਸ਼ ਲਾਉਂਦਿਆ ਕਿਹਾ ਕਿ ਭਾਜਪਾ ਦੀ ਮਾਨਸਿਕਤਾ ਕਿਸਾਨ ਵਿਰੋਧੀ ਹੈ। ਉਨ੍ਹਾਂ ਕੇਂਦਰ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਦੱਸਿਆ ਹੈ।
ਇੱਕ ਰੋਜ਼ਾ ਵਿਧਾਨਸਭਾ ਸ਼ੈਸ਼ਨ 'ਤੇ ਵੀ ਨਿਸ਼ਾਨਾ
ਹਰਪਾਲ ਚੀਮਾ ਨੇ ਸਰਕਾਰ ਵੱਲੋਂ ਬੁਲਾਏ ਗਏ ਇੱਕ ਰੋਜ਼ਾ ਸ਼ੈਸ਼ਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸ਼ੈਸ਼ਨ ਸੱਤ ਦਿਨਾਂ ਹੋਣਾ ਚਾਹੀਦਾ ਸੀ ਕਿਉਂਕਿ ਇੱਕ ਦਿਨ 'ਚ ਕਿਸੇ ਵੀ ਮੁੱਦੇ 'ਤੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਨਹੀਂ ਹੁੰਦਾ। ਇਸ ਦੇ ਨਾਲ ਹੀ ਚੀਮਾ ਨੇ ਖੇਤੀ ਕਾਨੂੰਨਾਂ ਲਈ ਸਰਕਾਰ ਵੱਲੋਂ ਵਿਸ਼ੇਸ਼ ਸ਼ੈਸ਼ਨ ਬੁਲਾਏ ਜਾਣ ਸਬੰਧੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸ਼ੈਸ਼ਨ ਸੱਦਣ ਤੋਂ ਪਹਿਲਾਂ ਸਰਕਾਰ ਅਤੇ ਕਿਸਾਨ ਜੱਥਏਬੰਦੀਆਂ ਦੀ ਬੈਠਕ ਹੋਣੀ ਚਾਹੀਦੀ ਹੈ ਜਿਸ ਚ ਕਿਸਾਨਾਂ ਅਤੇ ਸਿਆਸੀ ਪਾਰਟੀਆਂ ਦਾ ਪੱਖ ਜਾਣਿਆ ਜਾ ਸਕੇ।ਉਨ੍ਹਾਂ ਵਿਧਾਨ ਸਭਾ ਸ਼ੈਸ਼ਨ ਨੂੰ ਲਾਈਵ ਕਰਨ ਦੀ ਗੱਲ ਵੀ ਆਖੀ ਹੈ।
ਕਿਸਾਨਾਂ ਦੇ ਨਾਲ ਖੜ੍ਹੀ ਆਪ
ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਰਵੱਈਏ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਪ੍ਰਤੀ ਕਿੰਨੇ ਕੁ ਗੰਭੀਰ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ੀ ਹੀ ਕਿਸਾਨਾਂ ਦੇ ਪੱਖ 'ਚ ਰਹੀ ਹੈ। ਅਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀ ਰਹੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਆਪ ਕਿਸਾਨਾਂ ਨਾਲ ਹਮੇਸ਼ਾ ਖੜ੍ਹੀ ਰਹੇਗੀ ਅਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਖ਼ਰੀ ਦਮ ਤਕ ਲੜੇਗੀ।