ਚੰਡੀਗੜ੍ਹ: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵ ਨਿਯੁਕਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਪਰੰਪਰਾਗਤ ਤਰੀਕੇ ਨਾਲ ਅੱਗੇ ਵਧਦੀ ਆਈ ਹੈ ਅਤੇ ਨਵਜੋਤ ਸਿੰਘ ਸਿੱਧੂ ਵੀ ਉਸੇ ਪਰੰਪਰਾਗਤ ਝੰਡੇ ਨੂੰ ਚੁੱਕੇ ਕੇ ਅੱਗੇ ਵਧਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਇਹ ਜ਼ਿੰਮੇਵਾਰੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਦਿੱਤੀ ਗਈ ਹੈ।
ਕੈਪਟਨ ਅਤੇ ਸਿੱਧੂ ਨੂੰ ਦਿੱਤੀ ਨਸੀਹਤ
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਨਸੀਹਤ ਦਿੰਦਿਆਂ ਕਿਹਾ ਕਿ 2022 ਦੀ ਵਿਧਾਨ ਸਭਾ ਚੋਣਾਂ ਜਿੱਤ ਕੇ 2024 ਵਿੱਚ ਰਾਹੁਲ ਗਾਂਧੀ ਦੀ ਸਰਕਾਰ ਕੇਂਦਰ ਵਿਚ ਬਣਾਉਣ ਦਾ ਆਗਾਜ਼ ਪੰਜਾਬ ਅਤੇ ਉਤਰਾਖੰਡ ਤੋਂ ਹੋਵੇ।
'ਸ਼ੇਰ ਹਮੇਸ਼ਾ ਸ਼ੇਰ ਹੀ ਰਹਿੰਦਾ ਹੈ'
ਇਸ ਦੌਰਾਨ ਰਾਵਤ ਨੇ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਇਲ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਚਪਨ ਵਿੱਚ ਕਦੇ ਨਵਜੋਤ ਸਿੰਘ ਸਿੱਧੂ ਦਾ ਹੱਥ ਫੜ ਕੇ ਉਨ੍ਹਾਂ ਨੂੰ ਬਿਠਾਇਆ ਹੋਵੇਗਾ ਅਤੇ ਹੁਣ ਸਿਆਸਤ ਵਿੱਚ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ। ਕਿਉਂਕਿ 2022 ਦੀਆਂ ਚੋਣਾਂ ਜਿਤਾਉਣ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੀ ਹੈ। ਇਸ ਤੋਂ ਇਲਾਵਾ ਰਾਵਤ ਨੇ ਇਹ ਵੀ ਕਿਹਾ ਕਿ ਸ਼ੇਰ ਹਮੇਸ਼ਾ ਸ਼ੇਰ ਰਹਿੰਦਾ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ ਅਤੇ ਰਾਜਾ ਮਨ ਦਾ ਰਾਜਾ ਹੁੰਦਾ ਹੈ ਅਤੇ ਉਤਰਾਖੰਡ ਸਣੇ ਤਮਾਮ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਰਹੀ ਹੈ ਕਿ ਉਹ ਕਿਸ ਤਰੀਕੇ ਨਾਲ ਸਾਰੀ ਕਾਂਗਰਸ ਨੂੰ ਜੋੜ ਕੇ ਚੋਣਾਂ ਜਿੱਤ ਕੇ ਦੇਸ਼ ਵਿਚ ਕਾਂਗਰਸ ਦਾ ਬਿਗੁਲ ਵਜਾਉਣਗੇ।
ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੀ ਉੱਤਰਾਖੰਡ ਵਿੱਚ ਧਿਆਨ ਰੱਖਣ ਅਤੇ ਕਿਸੇ ਨੂੰ ਕੋਈ ਵੀ ਗੱਲ ਹਾਈਕਮਾਨ ਤੱਕ ਪਹੁੰਚਾਉਣੀ ਹੋਵੇ ਤਾਂ ਉਹ ਉਨ੍ਹਾਂ ਨੂੰ ਦੱਸ ਸਕਦਾ ਹੈ।