ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਮੁੱਖ ਮੰਤਰੀ ਕੈਪਟਨ ਨੇ ਖ਼ੁਸ਼ੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਟਪਨ ਨੇ ਦੱਸਿਆ ਕਿ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਲੰਚ ਦੌਰਾਨ ਉਨ੍ਹਾਂ ਦੋਵਾਂ ਨੇ ਜਿੱਥੇ ਆਮ ਗੱਲਾਂ ਬਾਤਾਂ ਕੀਤੀਆਂ ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਉੱਥੇ ਹੀ ਕ੍ਰਿਕਟ ਸਬੰਧੀ ਵੀ ਗੱਲਾਂ ਕੀਤੀਆਂ।
ਮੁੱਖ ਮੰਤਰੀ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਇਹ ਬੈਠਕ ਸਿੱਧੂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਲਈ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਹੀ ਇਸ ਮੁਲਾਕਾਤ ਤੋਂ ਸੰਤੁਸ਼ਟ ਅਤੇ ਖ਼ੁਸ਼ ਹਾਂ।
ਦੋਵਾਂ ਵਿਚਾਲੇ ਗੰਭੀਰ ਵਿਚਾਰ ਵਟਾਂਦਰੇ ਦੀਆਂ ਮੀਡੀਆ ਵੱਲੋਂ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਇਸ ਦੇ ਉਲਟ ਜਵਾਬ ਦਿੱਤਾ, ਕਿਹਾ- ''ਅਸੀਂ ਪੰਜਾਬ, ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਅਸੀਂ ਸਿਰਫ ਕੁੱਝ ਆਮ ਗੱਲਾਂ ਕੀਤੀਆਂ ਜਿਸ ਵਿੱਚ ਸਿੱਧੂ ਨੇ ਆਪਣੇ ਕ੍ਰਿਕਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।'' ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ।
ਸਿੱਧੂ ਲਈ ਖਾਣੇ ਦੀ ਮੇਜ਼ਬਾਨੀ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਟਿੱਪਣੀ 'ਤੇ ਚੁਟਕੀ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਉਤੇੱ ਉਨ੍ਹਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨ੍ਹਾਂ ਨੇ ਖੁਦ ਦਹੀ ਨਾਲ ਮਿੱਸੀ ਰੋਟੀ ਖਾਧੀ। ਉਨ੍ਹਾਂ ਟਿੱਪਣੀ ਕੀਤੀ, ''ਕੀ ਇਹ ਅਕਾਲੀਆਂ ਨੂੰ ਦਾਵਤ ਵਰਗਾ ਲੱਗਦਾ?''