ਚੰਡੀਗੜ੍ਹ: ਪੰਜਾਬ ਵਿਚਲੀ ਕਾਂਗਰਸ ਸਰਕਾਰ (Congress Government) ਵੱਲੋਂ ਪਹਿਲਾਂ 02 ਕਿਲੋਵਾਟ ਵਾਲੇ ਸਾਰੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਜਾਣ ਅਤੇ ਹੁਣ ਅਕਾਲੀ ਦਲ ਭਾਜਪਾ (SAD-BJP) ਦੀ ਤਤਕਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਵਿੱਚੋਂ ਜੀ.ਵੀ.ਕੇ. ਗੋਇੰਦਵਾਲ ਸਾਹਿਬ ਨਾਲ ਸਮਝੌਤਾ ਰੱਦ ਕੀਤੇ ਜਾਣ ਸਬੰਧੀ ਸੰਗਰੂਰ ਵਾਸੀਆਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉਥੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਤੇ ਕਾਂਗਰਸ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ।
ਇਸ ਬਾਬਤ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਿੰਗਲਾ (Cabinet Minister Singla) ਨੇ ਕਿਹਾ ਕਿ ਇਸ ਸਮਝੌਤੇ ਕਾਰਨ ਪੰਜਾਬ ਸਰਕਾਰ ਨੂੰ ਉਦੋਂ ਵੀ 07.52 ਰੁਪਏ ਪ੍ਰਤੀ ਯੂਨਿਟ ਬਿਜਲੀ ਕੰਪਨੀ ਨੂੰ ਦੇਣੇ ਪੈਂਦੇ ਸਨ, ਜਦੋਂ ਥਰਮਲ ਪਲਾਂਟ ਵਿੱਚ ਬਿਜਲੀ ਉਤਪਾਤਦਨ ਵੀ ਨਹੀਂ ਹੋ ਰਿਹਾ ਹੁੰਦਾ ਸੀ। ਹੁਣ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੂੰ ਦੋ ਟੈਂਡਰ ਪ੍ਰਾਪਤ ਹੋਏ ਹਨ, ਜਿਹੜੇ ਕਿ 02.33 ਰੁਪਏ ਪ੍ਰਤੀ ਯੂਨਿਟ ਅਤੇ 02.50 ਪੈਸੇ ਪ੍ਰਤੀ ਯੂਨਿਟ ਬਿਜਲੀ ਸੂਰਜੀ ਊਰਜਾ ਉਤੇ ਆਧਾਰਿਤ ਪੈਦਾ ਕਰਨ ਨਾਲ ਸਬੰਧਿਤ ਹਨ। ਇਨ੍ਹਾਂ ਸਦਕਾ ਜੀ.ਵੀ.ਕੇ. ਗੋਇੰਦਵਾਲ ਸਾਹਿਬ ਵਾਲੇ ਥਰਮਲ ਤੋਂ ਕੋਲੇ ਨਾਲ ਪੈਦਾ ਹੁੰਦੀ ਬਿਜਲੀ ਦੀ ਲੋੜ ਨਹੀਂ ਪਵੇਗੀ। ਉਂਝ ਵੀ ਦੇਸ਼ ਵਿੱਚ ਕੋਲੇ ਦੀ ਕਮੀ ਹੈ ਤੇ ਇਸ ਰਾਹੀਂ ਬਿਜਲੀ ਉਤਪਾਦਨ ਮਹਿੰਗਾ ਪੈਣ ਦੇ ਨਾਲ ਨਾਲ ਵਾਤਾਵਰਨ ਵੀ ਦੂਸ਼ਿਤ ਕਰਦਾ ਹੈ।
ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਵੱਲ ਵੱਧ ਰਹੀ ਹੈ ਤੇ ਲੋਕਾਂ ਨੂੰ ਇਹ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਸਸਤੀ ਬਿਜਲੀ (Cheap electricity) ਮਿਲੇਗੀ ਤੇ ਪੰਜਾਬ ਸਰਕਾਰ (Government of Punjab) ਇਸ ਆਸ ਨੂੰ ਅਮਲੀ ਰੂਪ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਬਕਾਇਆ ਨਹੀਂ ਛੱਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ 02 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਵਾਲੇ ਬਕਾਇਆ ਬਿੱਲਾਂ ਦੀ ਮੁਆਫ਼ੀ ਸਦਕਾ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਸਰਕਾਰ (Government of Punjab) ਦੇ ਅਜਿਹੇ ਫ਼ੈਸਲਿਆਂ ਸਦਕਾ ਕੇਂਦਰ ਦੀ ਮੋਦੀ ਸਰਕਾਰ (Modi government) ਵੱਲੋਂ ਲੋਕਾਂ ਨੂੰ ਨਪੀੜਨ ਲਈ ਵਧਾਈ ਗਈ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਮਿਲੀ ਹੈ ਤੇ ਉਹ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਣਗੇ।
ਇਹ ਵੀ ਪੜ੍ਹੋ:ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ