ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ (Governor Sri Banwari Lal Purohit) ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਸੱਦੇ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਲਈ ਪ੍ਰਵਾਨਗੀ ਵਾਪਸ ਲੈਣ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬੱਚ ਗਿਆ ਹੈ ਜੋ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਿਰਫ ਇਕ ਸਿਆਸੀ ਡਰਾਮੇਬਾਜ਼ੀ ਲਈ ਬਰਬਾਦ ਕਰਨਾ ਚਾਹੁੰਦੇ ਸਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬੱਚ ਗਿਆ ਹੈ ਪਰ ਇਸ ਸਾਰੇ ਮਾਮਲੇ ਦੀ ਵਿਸਥਾਰਿਤ ਜਾਂਚ ਦੀ ਲੋੜ ਹੈ ਤਾਂ ਜੋ ਆਪ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਸਾਜ਼ਿਸ਼ ਦੇ ਅਸਲ ਦੋਸ਼ੀ ਬੇਨਕਾਬ ਹੋ ਸਕਣ।
ਉਹਨਾਂ ਕਿਹਾ ਕਿ ਆਪ ਨੇ ਦਾਅਵਾ ਕੀਤਾ ਹੈ ਕਿ ਇਸਦੇ ਵਿਧਾਇਕਾਂ ਤੱਕ ਭਾਜਪਾ ਨੇ ਪਹੁੰਚ ਕੀਤੀ ਤੇ ਇਹ ਸਭ ਕੁਝ ਚੰਡੀਗੜ੍ਹ ਵਿਚ ਹੋਇਆ। ਇਸ ਤਰੀਕੇ ਇਹ ਅਪਰਾਧ ਚੰਡੀਗੜ੍ਹ ਪੁਲਿਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਅਤੇ ਰਾਜਪਾਲ ਨੂੰ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਮਜੀਠੀਆ ਨੇ ਕਿਹਾ ਕਿ ਜਿਸਨੇ ਆਪ ਵਿਧਾਇਕਾਂ ਤੱਕ ਪਹੁੰਚ ਕੀਤੀ, ਉਹ ਸਾਰੇ ਆਗੂ ਜਾਂ ਵਿਚੋਲੇ ਲੋਕਾਂ ਸਾਹਮਣੇ ਬੇਨਕਾਬ ਹੋਣੇ ਚਾਹੀਦੇ ਹੈ ਪਰ ਜੇਕਰ ਆਪ ਦੇ ਦਾਅਵੇ ਝੂਠੇ ਨਿਕਲਦੇ ਹਨ ਤਾਂ ਫਿਰ ਇਹ ਸਾਜ਼ਿਸ਼ ਦੀ ਕਹਾਣੀ ਘੜਨ ਲਈ ਆਪ ਦੀ ਲੀਡਰਸ਼ਿਪ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੀ ਬੇਹਤਰੀ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਦੀ ਥਾਂ ਸ੍ਰੀ ਭਗਵੰਤ ਮਾਨ ਡਰਾਮੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਜਪਾਲ ਵਲੋਂ ਵਿਧਾਨ ਸਭਾ ਸੈਸ਼ਨ ਰੱਦ ਕਰਨ ਦੇ ਫੈਸਲੇ 'ਤੇ AAP ਨੇ ਚੁੱਕੇ ਸਵਾਲ