ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ਉੱਤੇ ਬੁਰੀ ਘਿਰੀ ਕੈਪਟਨ ਸਰਕਾਰ ਨੇ ਇਸ ਮੁੱਦੇ 'ਤੇ ਨਵਾਂ ਕਦਮ ਚੁੱਕਣ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਸਕੀਮ 'ਈਚ ਵਨ ਟੀਚ ਵਨ' ਸ਼ੁਰੂ ਕਰਨ ਜਾ ਰਹੇ ਹਨ। ਇਸ ਤਹਿਤ ਹਰੇਕ ਸਰਕਾਰੀ ਮੁਲਾਜ਼ਮ ਇੱਕ ਨਸ਼ੇੜੀ ਵਿਅਕਤੀ ਨੂੰ ਗੋਦ ਲੈ ਕੇ ਉਸ 'ਤੇ ਨਜ਼ਰ ਰੱਖੇਗਾ ਅਤੇ ਉਸ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰੇਗਾ।
ਬੀਤੇ ਦਿਨੀਂ ਚੰਡੀਗੜ੍ਹ ਵਿਖੇ ਡਾਕਟਰਾਂ ਦੀ ਮੀਟਿੰਗ 'ਚ ਇਸ ਮੁਹਿੰਮ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਇਸ ਯੋਜਨਾ ਦਾ ਐਲਾਨ ਕੀਤਾ ਜਾ ਸਕਦਾ ਹੈ।
ਇਸ ਸਕੀਮ ਦੇ ਤਹਿਤ ਸਰਕਾਰੀ ਮੁਲਾਜ਼ਮ ਨਸ਼ੇੜੀਆਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਉਸ 'ਤੇ ਨਜ਼ਰ ਰੱਖੇਗਾ ਕਿ ਉਹ ਇਲਾਜ ਦੌਰਾਨ ਨਸ਼ਿਆਂ ਦਾ ਸੇਵਨ ਨਾ ਕਰੇ। ਡਾਕਟਰਾਂ ਦਾ ਮੰਨਣਾ ਹੈ ਕਿ ਨਸ਼ੇੜੀ ਵਿਅਕਤੀ ਨੂੰ ਜਾਗਰੂਕ ਕਰਕੇ ਉਸ ਦਾ ਨਸ਼ਾ ਛੁਡਵਾਇਆ ਜਾ ਸਕਦਾ ਹੈ।
ਇਸ ਬਾਰੇ ਨਸ਼ਾ ਛੁਡਾਊ ਸੈਂਟਰ ਦੀ ਮਨੋਵਿਗਿਆਨਕ ਡਾਕਟਰ ਰਚਨਾ ਮਿੱਤਲ ਨੇ ਕਿਹਾ ਕਿ ਨਸ਼ੇੜੀਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਸਰਕਾਰ ਹੋਰ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਜਾ ਰਹੀ ਹੈ। ਇਸ ਤੋਂ ਇਲਾਵਾ ਹਰੇਕ ਸਰਕਾਰੀ ਮੁਲਾਜ਼ਮ ਨੂੰ ਇੱਕ-ਇੱਕ ਨਸ਼ੇੜੀ ਸ਼ਖਸ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।