ਚੰਡੀਗੜ੍ਹ: ਜਰਮਨ ਆਧਾਰਿਤ ਫਰਿਊਡੈਨਬਰਗ ਗਰੁੱਪ ਦੇ ਸੀ.ਈ.ਓ. ਓਲਰਿਕ ਕਾਰਬਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਵਿੱਚ ਆਟੋਮੋਟਿਵ ਖੇਤਰ ਵਿੱਚ 50 ਮਿਲੀਅਨ ਯੂਰੋ (400 ਕਰੋੜ ਰੁਪਏ ਤੋਂ ਵੱਧ) ਦੇ ਨਿਵੇਸ਼ ਕਰਨ ਬਾਰੇ ਵਿਚਾਰਾਂ ਕੀਤੀਆਂ।
ਮੁੱਖ ਮੰਤਰੀ ਨੇ ਗਰੁੱਪ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਗਰੁੱਪ ਨੂੰ ਵਿਸਥਾਰ ਕਰਨ ਵਿੱਚ ਪੂਰਾ ਸਹਿਯੋਗ ਤੇ ਸਮਰਥਨ ਦੇਵੇਗੀ। ਕਾਰਬਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਆਪਣੇ ਇਸ ਨਵੇਂ ਪ੍ਰਾਜੈਕਟ ਲਈ ਢੁੱਕਵੀ ਜਗ੍ਹਾਂ ਦੀ ਸ਼ਨਾਖਤ ਕਰਨ ਲਈ ਇਨਵੈਸਟ ਪੰਜਾਬ ਦੇ ਨਾਲ ਨਿਰੰਤਰ ਸੰਪਰਕ ਵਿੱਚ ਹੈ ਜਿਸ ਨੂੰ ਜਲਦੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਉਨ੍ਹਾਂ ਇਨਵੈਸਟ ਪੰਜਾਬ ਦੇ ਸਕਰਾਤਮਕ ਰਵੱਈਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਜਵੀਜ਼ਤ ਯੋਜਨਾ ਨੂੰ ਅਮਲੀ ਰੂਪ ਪਹੁੰਚਾਣ ਵਿੱਚ ਇਨਵੈਸਟ ਪੰਜਾਬ ਵੱਲੋਂ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਸੀ.ਈ.ਓ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰਿਊਡੈਨਬਰਗ ਗਰੁੱਪ ਦਾ ਹਿੱਸਾ ਵਾਈਬਰਕੌਸਟਿਕ ਇੰਡੀਆ ਆਟੋਮੋਟਿਵ ਉਦਯੋਗ ਵਿੱਚ ਐਨ.ਬੀ.ਐਚ. ਸਪਲਾਈ ਕਰਨ ਵਾਲਾ ਪ੍ਰਮੁੱਖ ਗਰੁੱਪ ਹੈ ਜਿਹੜਾ 19 ਦੇਸ਼ਾਂ ਵਿੱਚ ਮੌਜੂਦਗੀ ਦਰਜ ਕਰਵਾ ਰਿਹਾ ਹੈ ਅਤੇ ਮਾਰਕੀਟ ਸ਼ੇਅਰ ਵਿੱਚ 18 ਫੀਸਦੀ ਹਿੱਸੇਦਾਰੀ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਇਹ ਔਡੀ, ਬੀ.ਐਮ.ਡਬਲਿਊ, ਮਰਸਡੀਜ਼ ਤੇ ਵੋਲਵੋ ਆਦਿ ਵੱਡੀਆਂ ਕੰਪਨੀਆਂ ਨੂੰ ਵੀ ਇਹੋ ਗਰੁੱਪ ਮੁੱਖ ਤੌਰ ’ਤੇ ਸਪਲਾਈ ਕਰਦਾ ਹੈ। ਵਾਈਬਰਕੌਸਟਿਕ ਇੰਡੀਆ ਦੇ ਜਗਮਿੰਦਰ ਬਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਗਰੁੱਪ ਨੇ ਆਪਣਾ ਕੰਮ 20 ਸਾਲ ਪਹਿਲਾ ਮੁਹਾਲੀ ਵਿੱਚ ਸ਼ੁਰੂ ਕੀਤਾ ਸੀ ਅਤੇ 1700 ਦੀ ਰੋਜ਼ਗਾਰ ਦੀ ਸੰਭਾਵਨਾ ਪੈਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਈਬਰਕੌਸਟਿਕ ਇੰਡੀਆ ਨੇ ਵਾਈਬਰਕੌਸਟਿਕ ਇੰਡੀਆ ਅਤੇ ਮੈਸਰਜ਼ ਫਰਿਊਡੈਨਬਰਗ ਸੀਲਿੰਗ ਤਕਨਾਲੋਜੀ ਦੋਵਾਂ ਲਈ ਨਿਵੇਸ਼ ਕਰਨ ਦੇ ਪ੍ਰਸਤਾਵ ਉਤੇ ਵੀ ਕੰਮ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੇਂ ਪ੍ਰਸਤਾਵਿਤ ਪ੍ਰਾਜੈਕਟ ਨਾਲ ਸੂਬੇ ਵਿੱਚ ਨਿਵੇਸ਼ ਦੀ ਭਾਵਨਾ ਨੂੰ ਹੋਰ ਹੁਲਾਰਾ ਮਿਲੇਗਾ ਜਦੋਂ ਕਿ ਇਸ ਨਾਲ ਰੋਜ਼ਗਾਰ ਉਤਪਤੀ ਦੇ ਮੌਕੇ ਵੱਖਰੇ ਪੈਦਾ ਹੋਣਗੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਅਤੇ ਉਦਮੀਆਂ ਦੇ ਨਵੇਂ ਵਿਸ਼ਵਾਸ ਨਾਲ ਸੂਬੇ ਵਿੱਚ ਮਾਰਚ 2017 ਤੋਂ ਹੁਣ ਤੱਕ 60,000 ਕਰੋੜ ਰੁਪਏ ਦੇ ਕਰੀਬ ਨਿਵੇਸ਼ ਜ਼ਮੀਨੀ ਪੱਧਰ ’ਤੇ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਫਰਿਊਡੈਨਬਰਗ ਗਰੁੱਪ ਇਕ ਗਲੋਬਲ ਤਕਨਾਲੋਜੀ ਸਮੂਹ ਹੈ ਜਿਸ ਦਾ ਹੈਡਕੁਆਟਰ ਜਰਮਨੀ ਵਿੱਚ ਹੈ। ਇਹ ਗਰੁੱਪ ਮੋਬੈਲਟੀ, ਊਰਜਾ, ਕੈਮੀਕਲਜ਼, ਹਾਊਸਹੋਲਡ, ਟੈਕਸਟਾਈਲ ਜਿਹੇ ਕਈ ਖੇਤਰਾਂ ਵਿੱਚ ਕੰਮ ਕਰਦਾ ਹੈ। ਇਸ ਗਰੁੱਪ ਦੇ 60 ਦੇ ਕਰੀਬ ਦੇਸ਼ਾਂ ਵਿੱਚ 50,000 ਕਰਮਚਾਰੀ ਹਨ ਅਤੇ 2018 ਵਿੱਚ ਇਸ ਦੀ ਕੁੱਲ ਟਰਨਓਵਰ 9.4 ਬਿਲੀਅਨ ਯੂਰੋ ਤੋਂ ਵੱਧ ਸੀ।