ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਦੇਸ਼ ਭਰ 'ਚ ਜਾਰੀ ਲੌਕਡਾਊਨ ਦਰਮਿਆਨ ਪੰਜਾਬ 'ਚ ਵਿਸਾਖੀ 'ਤੇ ਕਾਨਫ਼ਰੰਸ ਕਰਨਾ ਠੀਕ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਸਿੱਖ ਸੰਗਤ ਦਾ ਇਕੱਠਾ ਹੋਣਾ ਸਹੀ ਨਹੀਂ ਹੋਵੇਗਾ। ਲੋਕਾਂ ਲਈ ਫਿਲਹਾਲ ਆਪਣੇ ਘਰਾਂ 'ਚ ਰਹਿਣ ਦਾ ਸਮਾਂ ਹੈ ਤੇ ਅਜਿਹੀਆਂ ਸਰਗਰਮੀਆਂ ਤੋਂ ਦੂਰੀ ਬਣਾਏ ਜਾਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਸਲੇ 'ਤੇ ਆਖ਼ਰੀ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲਿਆ ਜਾਣਾ ਹੈ।
ਜ਼ਿਕਰਯੋਗ ਹੈ ਕਿ ਹੋਲਾ ਮਹੱਲੇ ਮੌਕੇ 'ਤੇ ਸਿੱਖ ਸੰਗਤ ਦੀਆਂ ਸਭਾਵਾਂ ਦੀ ਕਾਫ਼ੀ ਆਲੋਚਨਾ ਹੋਈ ਸੀ। ਪੰਜਾਬ 'ਚ ਵਿਸਾਖੀ ਨੂੰ ਰਵਾਇਤੀ ਤੌਰ 'ਤੇ ਨਵੇਂ ਸਾਲ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸੂਬੇ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਵੱਡੇ ਸੰਮੇਲਨ ਕਰਵਾਉਂਦੀਆਂ ਹਨ। ਇਸ ਵਾਰ ਸਥਿਤੀ ਗੰਭੀਰ ਹੈ ਤੇ ਹਾਲ ਹੀ 'ਚ ਦਿੱਲੀ 'ਚ ਨਿਜ਼ਾਮੂਦੀਨ 'ਚ ਹੋਏ ਇਕ ਧਾਰਮਿਕ ਸੰਮੇਲਨ 'ਚ ਵੱਡੀ ਗਿਣਤੀ 'ਚ ਲੋਕਾਂ 'ਚ ਕੋਰੋਨਾ ਵਾਇਰਸ ਦੀ ਲਾਗ ਵਧਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।