ਚੰਡੀਗੜ੍ਹ: ਸੁਪਰੀਮ ਕੋਰਟ ਦੇ ਸਾਬਕਾ ਜੱਜ ਸੁਰਿੰਦਰ ਸਿੰਘ ਨਿੱਜਰ ਦਾ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਸਟਿਸ ਨਿੱਜਰ ਇੱਕ ਉੱਘੇ ਕਾਨੂੰਨਦਾਨ ਅਤੇ ਯੋਗ ਪ੍ਰਸ਼ਾਸਕ ਤੋਂ ਇਲਾਵਾ ਇੱਕ ਵਧੀਆ ਇਨਸਾਨ ਵੀ ਸੀ, ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਖੂਬੀਆਂ ਨਾਲ ਭਰਪੂਰ ਸਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਸਟਿਸ ਨਿੱਜਰ ਦੀ ਮੌਤ ਨਾਲ ਕਾਨੂੰਨ ਦੇ ਖੇਤਰ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਆਉਣ ਵਾਲੇ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ। ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨੂੰ ਇਹ ਨਾ-ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਲਈ ਬਲ ਬਖ਼ਸ਼ਣ ਲਈ ਅਰਦਾਸ ਵੀ ਕੀਤੀ।
ਇਹ ਵੀ ਪੜੋ: ਜਾਣੋ ਕੌਣ ਹੈ ਅੰਸਾਰੀ, ਯੂਪੀ ਭੇਜਣ ਦੀ ਤਿਆਰੀ
ਦੱਸ ਦਈਏ ਕਿ ਸਾਬਕਾ ਜੱਜ ਸੁਰਿੰਦਰ ਸਿੰਘ ਨਿੱਜਰ ਅੱਜ ਸਵੇਰੇ ਯਾਨੀ 27 ਮਾਰਚ ਨੂੰ ਪੀ.ਜੀ.ਆਈ. ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਜਸਟਿਸ ਨਿੱਜਰ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਰਹੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਅਤੇ ਪੰਜਾਬ ਸਟੇਟ ਲੀਗਲ ਸਰਵਿਸਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ।