ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਨਗਰ ਨਿਗਮ ਬਠਿੰਡਾ ਦੇ ਸਾਬਕਾ ਅਕਾਲੀ ਮੇਅਰ ਬਲਵੰਤ ਰਾਏ ਨਾਥ ਅਤੇ ਮੌਜੂਦਾ ਕੌਂਸਲਰ ਸੁਰਸ਼ ਚੌਹਾਨ ਹੋਰ ਕਈ ਅਕਾਲੀ ਆਗੂਆਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਐਤਵਾਰ ਨੂੰ ਇੱਥੇ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਦਾ ਆਧਾਰ ਮਜ਼ਬੂਤ ਹੋਵੇਗਾ। ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਵੱਡੇ ਆਗੂ ਬਲਵੰਤ ਰਾਏ ਨਾਥ ਨੇ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਦੀ ਸਾਦਗੀ ਅਤੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਚਾਰ ਮਹੀਨਿਆਂ ਵਿਚ ਪੰਜਾਬ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਲਈ ਕੀਤੇ ਗਏ ਬੇਮਿਸਾਲ ਭਲਾਈ ਕੰਮਾਂ ਤੋਂ ਪ੍ਰਭਾਵਿਤ ਹਨ।
ਮੇਅਰ ਵਜੋਂ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਬਲਵੰਤ ਰਾਏ ਨਾਥ ਨੇ ਕਿਹਾ ਕਿ ਉਹ ਅਕਾਲੀ ਪਾਰਟੀ ਦੀਆਂ ਕਿਸਾਨ ਵਿਰੋਧੀ ਅਤੇ ਦਲਿਤ ਵਿਰੋਧੀ ਨੀਤੀਆਂ ਕਾਰਨ ਘੁਟਣ ਮਹਿਸੂਸ ਕਰ ਰਹੇ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੇਅਰ ਵਜੋਂ ਪੰਜ ਸਾਲ ਸੇਵਾ ਕਰਨ ਦੇ ਬਾਵਜੂਦ ਨਾਥ ਨੇ ਨਾ ਤਾਂ ਆਪਣਾ ਘਰ ਬਣਾਇਆ ਅਤੇ ਨਾ ਹੀ ਕੋਈ ਕਾਰ ਖਰੀਦੀ। ਉਹ ਹਮੇਸ਼ਾ ਸਾਦਾ ਜੀਵਨ ਬਤੀਤ ਕਰਦੇ ਸੀ ਅਤੇ ਉਸ ਦੇ ਨਾਂ 'ਤੇ ਸਿਰਫ 60 ਗਜ਼ ਦਾ ਮਕਾਨ ਸੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਿਰ ’ਤੇ ਹੱਥ ਰੱਖ ਬਜ਼ੁਰਗ ਮਾਤਾ ਨੇ ਮਾਨ ਨੂੰ ਕਹੀਆਂ ਭਾਵੁਕ ਗੱਲਾਂ, ਵੇਖੋ ਵੀਡੀਓ