ਚੰਡੀਗੜ੍ਹ: ਕਤਲ ਕੇਸ ਦੇ ਦੋਸ਼ੀ ਨੂੰ ਫੜਨ ਲਈ ਗਈ ਪੰਜਾਬ ਪੁਲਿਸ ਦੇ ਜਵਾਨ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜ੍ਹਤ ਪੁਲਿਸ ਮੁਲਾਜ਼ਮ ਨੇ ਗੋਲੀ ਲੱਗਣ ਦੇ ਬਾਅਦ ਵੀ ਗੈਂਗਸਟਰ ਨੂੰ ਨਹੀਂ ਛੱਡਿਆ। ਦਰਅਸਲ, ਮੁਹਾਲੀ ਪੁਲਿਸ ਨੂੰ ਪੰਚਕੂਲਾ ਦੇ ਰਾਮਗੜ੍ਹ ਨੇੜੇ ਚਾਰ ਗੈਂਗਸਟਰਾਂ ਦੇ ਹੋਣ ਦੀ ਖ਼ਬਰ ਮਿਲੀ ਸੀ, ਜੋ ਪਿੰਡ ਬਿੱਲਾ ਵਿੱਚ ਛੁਪੇ ਹੋਏ ਸਨ।
ਸੂਚਨਾ ਮਿਲਣ 'ਤੇ ਪੰਜਾਬ ਪੁਲਿਸ ਨੇ ਛਾਪਾ ਮਾਰਿਆ ਜਿਸ ਦੌਰਾਨ 4 ਮੁਲਜ਼ਮਾਂ ਵਿਚੋਂ ਇੱਕ ਮੁਲਜ਼ਮ ਨੇ ਹੈਡ ਕਾਂਸਟੇਬਲ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਹੈਡ ਕਾਂਸਟੇਬਲ ਜਸਪ੍ਰੀਤ ਮੋਹਾਲੀ ਫੇਜ਼-8 ਥਾਣੇ ਵਿੱਚ ਕੰਮ ਕਰ ਰਿਹਾ ਹੈ ਤੇ ਫੇਜ਼-8 ਮੋਹਾਲੀ ਦੀ ਟੀਮ ਚਾਰ ਗੈਂਗਸਟਰਾਂ ਨੂੰ ਫੜਨ ਲਈ ਪੰਚਕੂਲਾ ਦੇ ਰਾਮਗੜ੍ਹ ਪਹੁੰਚੀ। ਜਦੋਂ ਪੁਲਿਸ ਟੀਮ ਮੁਲਜ਼ਮਾਂ ਨੂੰ ਕਾਬੂ ਕਰ ਰਹੀ ਸੀ ਤਾਂ ਇੱਕ ਗੈਂਗਸਟਰ ਨੇ ਗੋਲੀ ਚਲਾ ਦਿੱਤੀ।
ਪੁਲਿਸ ਮੁਲਾਜ਼ਮ ਨੇ ਗੋਲੀ ਲੱਗਣ ਦੇ ਬਾਵਜੂਦ ਗੈਂਗਸਟਰ ਨੂੰ ਨਹੀਂ ਛੱਡਿਆ। ਗੋਲੀ ਲੱਗਣ 'ਤੇ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲਾ ਇਲਾਜ਼ ਦੇਣ ਉਪਰੰਤ ਸੈਕਟਰ-32 ਹਸਪਤਾਲ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ 3-4 ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਮੋਹਾਲੀ ਵਿਖੇ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।