ਚੰਡੀਗੜ੍ਹ: ਬਟਾਲਾ ਪਟਾਖਾ ਫੈਕਟਰੀ ਹਾਦਸੇ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਹੋਈ ਤਿੱਖੀ ਨੋਕ ਝੋਕ ਤੋਂ ਬਾਅਦ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਿਮਰਜੀਤ ਸਿੰਘ 'ਤੇ ਬਟਾਲਾ ਦੇ ਇੱਕ ਠਾਣੇ 'ਚ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਡੀ.ਸੀ. ਨਾਲ ਦੁਰਵਿਹਾਰ ਕਰਨ ਅਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ ਵਿੱਚ ਦਖ਼ਲ ਦੇਣ ਦੇ ਦੋਸ਼ ਲਾਏ ਗਏ ਹਨ। ਦੱਸਣਯੋਗ ਹੈ ਕਿ ਬੈਂਸ 'ਤੇ ਇਹ ਮਾਮਲਾ ਬਟਾਲੇ ਦੇ ਐੱਸ.ਡੀ.ਐੱਮ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਆਪਣੇ ਟਵੀਟਰ ਅਕਾਂਉਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਟਵੀਟ ਕਰ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾ ਬਟਾਲਾ ਪਟਾਕਾ ਫੈਕਟਰੀ ਧਮਾਕੇ ਵਿੱਚ 2 ਦਰਜਨ ਜਾਨਾਂ ਚਲੀਆਂ ਗਈਆਂ ਸਨ ਜਿਸ ਤੋਂ ਬਾਅਦ ਗੁਰਦਾਸਪੁਰ ਡੀਸੀ ਦਫ਼ਤਰ ਜਾ ਕੇ ਬੈਂਸ ਨੇ ਡੀਸੀ ਨੂੰ ਝਾੜ ਪਾਈ ਸੀ।
ਬੈਂਸ ਨੇ ਡੀਸੀ ਨਾਲ ਬਹਿਸ ਕਰਨ ਦੇ ਮਾਮਲੇ 'ਤੇ ਦਿੱਤੀ ਸਫਾਈ
ਇਸ ਤੋਂ ਪਹਿਲਾ ਸਨਿੱਚਰਵਾਰ ਨੂੰ ਬੈਂਸ ਨੇ ਡੀ.ਸੀ. ਨਾਲ ਹੋਈ ਨੋਕ ਝੋਕ 'ਤੇ ਪ੍ਰੈੱਸ ਕਾਨਫਰੰਸ ਕਰਕੇ ਇਸ ਮੁੱਦੇ 'ਤੇ ਸਫਾਈ ਦਿੱਤੀ। ਬੈਂਸ ਨੇ ਕਿਹਾ ਕਿ ਬਟਾਲਾ ਪਟਾਕਾ ਫ਼ੈਕਟਰੀ ਹਾਦਸੇ ਦੇ ਵਿੱਚ ਪਰਿਵਾਰਾਂ ਨੇ ਆਪਣੇ ਜੀਆਂ ਨੂੰ ਗਵਾ ਲਿਆ ਅਤੇ ਜਦੋਂ ਪੀੜਤ ਪਰਿਵਾਰ ਇਨਸਾਫ਼ ਦੇ ਲਈ ਡੀਸੀ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੂੰ ਬਦਸਲੂਕੀ ਕਰਕੇ ਡੀਸੀ ਨੇ ਦਫ਼ਤਰ ਵਿੱਚੋਂ ਬਾਹਰ ਕੱਢ ਦਿੱਤਾ ਜੋ ਕਿ ਸਰਾਸਰ ਗ਼ਲਤ ਹੈ, ਇਸੇ ਕਰਕੇ ਉਨ੍ਹਾਂ ਨੇ ਡੀਸੀ ਨਾਲ ਨੋਕ ਝੋਕ ਹੋ ਗਈ ਸੀ।