ਚੰਡੀਗੜ੍ਹ: ਅੱਜ ਯਾਨੀ ਸ਼ਨਿੱਚਰਵਾਰ ਨੂੰ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਵੱਲੋਂ ਮਿੰਨੀ ਲੌਕਡਾਊਨ ਵਿੱਚ ਲੌਕਡਾਊਨ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਲੌਕਡਾਊਨ ਕਰਕੇ ਬੰਦ ਦੁਕਾਨਾਂ ਨੂੰ ਖੁਲਵਾਇਆ ਜਾਵੇਗਾ।
ਕਿਸਾਨ ਆਗੂਆਂ ਨੇ 8 ਮਈ ਨੂੰ ਲੌਕਡਾਊਨ ਦੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਲਾਗ ਤੋਂ ਬਚਾਅ ਲਈ ਡਾਕਟਰਾਂ, ਦਵਾਈਆਂ, ਹਸਪਤਾਲਾਂ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਜਬਰੀ ਘਰਾਂ ਵਿੱਚ ਕੈਦ ਕਰ ਰਹੀ ਹੈ ਤੇ ਦੁਕਾਨਾਂ ਜਬਰੀ ਬੰਦ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲੱਗੇ ਲੌਕਡਾਊਨ ਵਿੱਚ ਦੁਕਾਨਦਾਰਾਂ ਨੂੰ ਕਾਫੀ ਘਾਟਾ ਹੋਇਆ ਸੀ ਜਿਸ ਦੀ ਅਜੇ ਤੱਕ ਭਰਪਾਈ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਅੱਜ ਪੰਜਾਬ ਵਿੱਚ ਲੌਕਡਾਊਨ ਦਾ ਵਿਰੋਧ ਪ੍ਰਦਰਸ਼ਨ ਕਰਨਗੀਆਂ।
ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਲੌਕਡਾਊਨ ਲਗਾ ਰਹੀ ਹੈ ਤਾਂ ਜੋ ਕੋਰੋਨਾ ਤੋਂ ਡਰਦੇ ਲੋਕ ਘਰਾਂ ਅੰਦਰ ਕੈਦ ਹੋ ਜਾਣ ਅਤੇ ਦਿੱਲੀ ਦੀ ਬਰੂਹਾਂ ਉੱਤੇ ਲੱਗੇ ਮੋਰਚੇ ਖਾਲੀ ਹੋਣ ਜਾਣ। ਅੰਦੋਲਨ ਨੂੰ ਖ਼ਤਮ ਕਰਨ ਵਿੱਚ ਕੈਪਟਨ ਸਰਕਾਰ ਕੇਂਦਰ ਦੀ ਸਰਕਾਰ ਨਾਲ ਮਿਲੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਕਿਸਾਨ ਆਗੂਆਂ ਉੱਤੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਕਰਨੀ ਹੈ ਉਹ ਜੀਅ ਸੱਦ ਕੇ ਕਰੇ।
ਕੈਪਟਨ ਨੇ ਲੌਕਡਾਊਨ ਵਿਰੋਧੀ ਪ੍ਰਦਰਸ਼ਨ 'ਤੇ ਜਾਰੀ ਕੀਤੇ ਸਖ਼ਤ ਹੁਕਮ
ਕਿਸਾਨ ਜਥੇਬੰਦੀਆਂ ਦੇ ਲੌਕਡਾਊਨ ਵਿਰੋਧੀ ਪ੍ਰਦਰਸ਼ਨ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਸੂਬੇ ਵਿੱਚ ਹਫਤਾਵਾਰੀ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਅਤੇ ਸ਼ਨਿਚਰਵਾਰ ਨੂੰ ਕਿਸਾਨ ਸੰਘਰਸ਼ ਮੋਰਚੇ ਦੇ ਲੌਕਡਾਊਨ ਵਿਰੋਧੀ ਪ੍ਰਦਰਸ਼ਨ ਮਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ ਉੱਤੇ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਬੰਦਿਸ਼ਾਂ ਦੀ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਜੇਕਰ ਕੋਈ ਦੁਕਾਨਦਾਰ ਦੁਕਾਨ ਖੋਲਦਾ ਹੈ ਤਾਂ ਉਸ ਦੁਕਾਨ ਦੇ ਮਾਲਕ ਉੱਤੇ ਕਾਨੂੰਨੀ ਕਰਵਾਈ ਹੋਵੇਗੀ। ਇਸ ਦੇ ਨਾਲ ਹੀ ਕੈਪਟਨ ਨੇ ਡੀਸੀ ਨੂੰ ਸ਼ਖ਼ਤੀ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਮਿੰਨੀ ਲੌਕਡਾਊਨ ਵਿੱਚ ਗੈਰਜ਼ਰੂਰੀ ਦਕਾਨਾਂ ਅਤੇ ਪ੍ਰਾਈਵੇਟ ਦਫਤਰਾਂ ਨੂੰ ਵਾਰੋ ਵਾਰੀ ਦੇ ਆਧਾਰ ਉੱਤੇ ਖੋਲੇ ਜਾਣ ਨੂੰ ਛੱਡ ਕੇ ਬਾਕੀ ਮੌਜੂਦਾਂ ਰੋਕਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ।