ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਨੇੜੇ ਖੜੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਦਰਸ਼ਨੀ ਬੱਸ ਸ਼ਰਧਾਲੂਆਂ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਬੱਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਸੰਗਤ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਮੇਤ ਹੋਰਨਾਂ ਧਾਰਮਿਕ ਮਹੱਤਤਾ ਵਾਲੇ ਅਸਥਾਨਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫਤ ਵੰਡੇ ਜਾ ਰਹੇ ਹਨ।
ਇਸ ਬੱਸ ਵਿੱਚ ਪੰਜਾਬ ਦੇ ਪ੍ਰਮੱਖ ਧਾਰਮਿਕ ਅਸਥਾਨਾਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ ਅਤੇ ਸੂਬੇ ਦੀਆਂ ਸੈਰਸਪਾਟੇ ਵਾਲੀਆਂ ਮੁੱਖ ਥਾਵਾਂ 'ਤੇ ਵੀ ਝਾਤ ਪੁਆਈ ਗਈ ਹੈ। ਜਿੱਥੇ ਤਸਵੀਰਾਂ ਰਾਹੀਂ ਸ੍ਰੀ ਹਰਮੰਦਿਰ ਸਾਹਿਬ, ਰਾਮ ਤੀਰਥ ਮੰਦਿਰ ਅਤੇ ਦੁਰਗਿਆਣਾ ਮੰਦਿਰ ਵਰਗੇ ਪਵਿੱਤਰ ਅਸਥਾਨਾਂ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ ਉਥੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਵਾਉਂਦੀ ਤਸਵੀਰ ਵੀ ਇਸ ਬੱਸ ਸ਼ਾਮਿਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲੇ-ਮੁਹੱਲੇ, ਜੰਗੇ ਆਜ਼ਾਦੀ ਕਰਤਾਰਪੁਰ, ਵਾਰ ਹੀਰੋਜ਼ ਮੈਮੋਰੀਅਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕਿਲਾ ਰਾਏਪੁਰ ਦੀਆਂ ਖੇਡਾਂ ਨਾਲ ਸਬੰਧਤ ਤਸਵੀਰਾਂ ਵੀ ਇਸ ਬੱਸ ਵਿੱਚ ਸ਼ਿੰਗਾਰੀਆਂ ਗਈਆਂ ਹਨ।
ਇਸ ਦੇ ਨਾਲ ਹੀ ਬੱਸ ਵਿੱਚ ਦੋ ਐਲ. ਈ. ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਹਨ, ਜਿਨਾਂ ਉਤੇ ਲਗਾਤਾਰ ਸੂਬੇ ਵਿਚਲੇ ਪ੍ਰਮੁੱਖ ਧਾਰਮਿਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬੱਸ ਵਿੱਚ ਤਸਵੀਰਾਂ ਦੇਖਣ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਅਤੇ ਪੰਜਾਬ ਦੇ ਹੋਰ ਧਾਰਮਿਕ ਅਸਥਾਨਾਂ ਤੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫਤ ਵੰਡੇ ਜਾ ਰਹੇ ਹਨ।