ਚੰਡੀਗੜ੍ਹ: ਪੰਜਾਬ 'ਚ ਪਿਛਲੇ ਦਿਨੀਂ ਆਈ ਕੁਦਰਤੀ ਆਫ਼ਤ ਤੋਂ ਹਲੇ ਲੋਕ ਉਭਰੇ ਵੀ ਨਹੀਂ ਸਨ ਕਿ ਹੁਣ ਸੂਬਾ ਵਾਸੀਆਂ ਲਈ ਇੱਕ ਨਵੀਂ ਮੁਸਿਬਤ ਆਉਣ ਵਾਲੀ ਹੈ। ਜਾਣਕਾਰੀ ਮੁਤਾਬਕ ਪੌਂਗ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ ਤੇ 12 ਹਜ਼ਾਰ ਮੁਕੇਰੀਆਂ ਹਾਈਡਲ ਵਿੱਚ ਛੱਡਿਆ ਜਾਵੇਗਾ। ਜ਼ਿਲ੍ਹਾ ਪ੍ਰਸਾਸ਼ਨ ਨੇ ਵੀ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਬ-ਡਵੀਜ਼ਨ ਦਸੂਹਾ ਤੇ ਮੁਕੇਰੀਆਂ ਵਿਚਲੇ ਪਿੰਡ ਪ੍ਰਭਾਵਿਤ ਹੁੰਦੇ ਹਨ, ਇਸ ਲਈ ਇਨ੍ਹਾਂ ਸਬ-ਡਵੀਜ਼ਨਾਂ ਅਧੀਨ ਪੈਂਦੇ ਨਾਜ਼ੁਕ ਪਿੰਡਾਂ ਵਿਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਪ੍ਰਸਾਸ਼ਨ ਵਲੋਂ ਸਿਹਤ ਸਹੂਲਤਾਂ ਤੋਂ ਇਲਾਵਾ ਰਾਸ਼ਨ, ਤਰਪਾਲਾਂ, ਲਾਈਫ ਜੈਕਟਾਂ, ਟੈਂਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਾਣੀ ਡੈਮ 'ਚੋਂ ਦਿਨ ਵੇਲੇ ਛੱਡਿਆ ਜਾਵੇਗਾ, ਫਿਲਹਾਲ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਾਫੀ ਹੇਠਾਂ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਦੇ ਨੰਬਰ 01882-220412 ਹੈ, ਦਸੂਹਾ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 1883-285024 ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 01883-246214 ਹੈ।