ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਇਸ ਦੇ ਬਾਵਜੁਦ ਵੀ ਪੰਜਾਬ ਕੈਬਨਿਟ ਬਾਰੇ ਅਜੇ ਤੱਕ ਸਸਪੇਂਸ ਬਰਕਰਾਰ ਹੈ। ਚੌਥੇ ਦਿਨ ਵੀ ਕਾਂਗਰਸ ਹਾਈਕਮਾਂਡ ਵਜਾਰਤ ਤੈਅ ਨਹੀਂ ਕਰ ਸਕਿਆ ਹੈ। ਮੰਤਰੀ ਦਾ ਅਹੁਦਾ ਪਾਉਣ ਦੇ ਚਾਹਵਾਨਾਂ ਦੀ ਫੇਰਹਿਸਤ ਕਾਫੀ ਲੰਮੀ ਹੈ ਤੇ ਅਜਿਹੇ ਵਿੱਚ 16-17 ਮੰਤਰੀ ਤੈਅ ਕਰਨਾ ਹਾਈਕਮਾਂਡ ਲਈ ਔਖਾ ਕੰਮ ਸਾਬਤ ਹੋ ਰਿਹਾ ਜਾਪਦਾ ਹੈ। ਉਂਜ ਹਰ ਵਾਰ ਹੀ ਨਵੀਂ ਸਰਕਾਰ ਦੀ ਕੈਬਨਿਟ ਤੈਅ ਕਰਨ ਵਿੱਚ ਸਿਆਸੀ ਧਿਰਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਇਸ ਵਾਰ ਚਾਰ ਮਹੀਨੇ ਦੀ ਵਜਾਰਤ ਚੁਣਨਾ ਬਹੁਤ ਮੁਸ਼ਕਲ ਕੰਮ ਸਾਬਤ ਹੋਵੇਗਾ, ਕਿਉਂਕਿ ਕਾਂਗਰਸ ਪੰਜਾਬ ਵਿੱਚ ਦੋ ਧੜਿਆਂ ਵਿੱਚ ਵੰਡੀ ਹੋਈ ਸੀ ਤੇ ਹਾਈਕਮਾਂਡ ਕਿਸੇ ਵੀ ਧੜੇ ਨੂੰ ਨਰਾਜ ਕਰਨ ਦੀ ਹਾਲਤ ਵਿੱਚ ਨਹੀਂ ਹੈ। ਮੁੱਖ ਮੰਤਰੀ ਚੰਨੀ ਆਪਣੀ ਸੂਚੀ ਹਾਈਕਮਾਂਡ ਨੂੰ ਸੌਂਪ ਆਏ ਹਨ ਤੇ ਪੰਜਾਬ ਵਿੱਚ ਮਿਲਵਰਤਣ ਮੁਹਿੰਮ ‘ਚ ਰੁੁੱਝ ਗਏ ਹਨ। ਇਸੇ ਦੌਰਾਨ ਉਨ੍ਹਾਂ ਵੀਰਵਾਰ ਨੂੰ ਕਪੂਰਥਲਾ ਯੂਨੀਵਰਸਿਟੀ ‘ਚ ਭੰਗੜਾ ਵੀ ਪਾਈਆ।
‘ਸਟੇਜ ‘ਤੇ ਨੱਚ ਪਏ ਚੰਨੀ‘
ਇੱਕ ਪਾਸੇ ਦਿੱਲੀ ਵਿੱਚ ਪੰਜਾਬ ਕੈਬਨਿਟ ਨੂੰ ਲੈ ਕੇ ਹਾਈਕਮਾਂਡ ਮਗਜ ਖਪਾਈ ਕਰ ਰਿਹਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਮਿਲਵਰਤਣ ਦੌਰੇ ਵਿੱਚ ਰੁਝ ਗਏ ਹਨ। ਚੰਨੀ ਤੇ ਨਵਜੋਤ ਸਿੱਧੂ ਹਾਈਕਮਾਂਡ ਨੂੰ ਆਪਣੀ ਸੂਚੀ ਦੇ ਕੇ ਵਿਹਲੇ ਹੋ ਗਏ ਹਨ ਤੇ ਚੰਨੀ ਨੇ ਪੰਜਾਬ ਵਿੱਚ ਦੌਰਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਚੰਨੀ ਆਪਣੇ ਮਸਤ ਅੰਦਾਜ ਵਿੱਚ ਨਜਰ ਆ ਰਹੇ ਹਨ। ਅੰਮ੍ਰਿਤਸਰ ਗਏ ਤਾਂ ਉਨ੍ਹਾਂ ਸ਼ੇਅਰੋ ਸ਼ਾਇਰੀ ਨਾਲ ਸਾਰਿਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨਾਲ ਹੈਰਾਨ ਕਰ ਦਿੱਤਾ ਤੇ ਅੱਜ ਉਨ੍ਹਾਂ ਨੂੰ ਕਪੂਰਥਲਾ ਵਿਖੇ ਆਈ.ਕੇ.ਗੁਜਰਾਲ ਪੰਜਾਬ ਤਕਨੀਕੀ ਯੁਨੀਵਰਿਸਟੀ ਦੇ ਦੌਰੇ ਦੌਰਾਨ ਆਪਣੇ ਭੰਗੜੇ ਦੇ ਜੌਹਰ ਵੀ ਵਿਖਾ ਦਿੱਤੇ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ ਦੇ ਵਿਦਿਆਰਥੀ ਰਹੇ ਤੇ ਇਸ ਦੌਰਾਨ ਉਹ ਭੰਗੜੇ ਦੀ ਟੀਮ ਦੇ ਮੈਂਬਰ ਵੀ ਸੀ। ਵੀਰਵਾਰ ਨੂੰ ਜਦੋਂ ਉਹ ਕਪੂਰਥਲਾ ਵਿਖੇ ਯੁਨੀਵਰਸਿਟੀ ਦੇ ਦੌਰੇ ‘ਤੇ ਗਏ ਤਾਂ ਉਥੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਆਮਦ ‘ਤੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਭੰਗੜੇ ਦੀ ਪੇਸ਼ਕਾਰੀ ਦਿੱਤੀ ਤੇ ਚੰਨੀ ਨੂੰ ਨ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਚੰਨੀ ਵੀ ਪਿੱਛੇ ਨਹੀਂ ਹਟੇ, ਉਨ੍ਹਾਂ ਨੂੰ ਵੀ ਕਾਲਜ ਦੇ ਦਿਨ ਯਾਦ ਆ ਗਏ ਤੇ ਵਿਦਿਆਰਥੀਆਂ ਨਾਲ ਭੰਗੜੇ ਦੀ ਸਟੇਜ ਸਾਂਝੀ ਕੀਤੀ।
ਸ਼ਾਮ ਤੱਕ ਤੈਅ ਹੋ ਸਕਦੀ ਵਜਾਰਤ
ਸੂਤਰਾਂ ਦੀ ਮੰਨੀਏ ਤਾਂ ਵੀਰਵਾਰ ਸ਼ਾਮ ਤੱਕ ਵਜਾਰਤ ਤੈਅ ਹੋ ਸਕਦੀ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ, ਦੋਵੇਂ ਉਪ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਿੱਲੀ ਗਏ ਸੀ ਤੇ ਉਥੇ ਜਨਰਲ ਸਕੱਤਰ ਵੇਣੂਗੋਪਾਲ ਨੇ ਉਨ੍ਹਾਂ ਦੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਆਨਲਾਈਨ ਮੁਲਾਕਾਤ ਕਰਵਾਈ ਸੀ। ਇਸ ਦੌਰਾਨ ਕੈਬਨਿਟ ਬਾਰੇ ਚਰਚਾ ਹੋਈ ਦੱਸੀ ਜਾਂਦੀ ਹੈ ਤੇ ਦਿੱਲੀ ਗਏ ਆਗੂਆਂ ਨੇ ਕੁਝ ਨਾਂਵਾਂ ਦਾ ਸੁਝਾਅ ਵੀ ਹਾਈਕਮਾਂਡ ਮੁਹਰੇ ਪੇਸ਼ ਕੀਤਾ ਸੀ।
ਸੀਐਲਪੀ ਮੀਟਿੰਗ ਵਿੱਚ ਵੀ ਲਈ ਸੀ ਰਾਏ
ਇਹ ਵੀ ਪਤਾ ਲੱਗਿਆ ਹੈ ਕਿ ਵਿਧਾਇਕਾਂ ਨਾਲ ਮੀਟਿੰਗਾਂ ਵੇਲੇ ਕੇਂਦਰੀ ਆਗੂਆਂ ਨੇ ਚੰਡੀਗੜ੍ਹ ਵਿੱਚ ਵੀ ਸੰਭਾਵੀ ਮੰਤਰੀਆਂ ਬਾਰੇ ਰਾਏ ਲਈ ਸੀ। ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਵੀ ਦਿੱਲੀ ਗਏ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦਾ ਨਾਂ ਵੀ ਕੈਪਟਨ ਦੀ ਥਾਂ ਨਵਾਂ ਮੁੱਖ ਮੰਤਰੀ ਬਣਾਉਣ ਵੇਲੇ ਚੱਲਿਆ ਸੀ ਪਰ ਬਾਅਦ ਵਿੱਚ ਸਾਰਾ ਕੁਝ ਬਦਲ ਗਿਆ ਸੀ ਤੇ ਉਂਜ ਵੀ ਉਨ੍ਹਾਂ ਨਾਲ ‘ਝੋਟਿਆਂ ਦੇ ਭੇੜ ‘ਚ ਮੱਲ੍ਹਿਆਂ ਦਾ ਮਾਸ‘ ਵਾਲੀ ਕਹਾਵਤ ਸਾਬਤ ਹੋਈ ਹੈ, ਕਿਉਂਕਿ ਕੈਪਟਨ ਤੇ ਸਿੱਧੂ ਦੀ ਲੜਾਈ ਵਿੱਚ ਨੁਕਸਾਨ ਉਨ੍ਹਾਂ ਦਾ ਹੀ ਹੋਇਆ ਸੀ, ਉਨ੍ਹਾਂ ਦੀ ਪ੍ਰਧਾਨਗੀ ਖੁਸ ਗਈ। ਦਿੱਲੀ ਫੇਰੀ ਦੌਰਾਨ ਹਾਈਕਮਾਂਡ ਉਨ੍ਹਾਂ ਦੇ ਭਵਿੱਖ ਦੀ ਰੂਪ ਰੇਖਾ ਵੀ ਤੈਅ ਕਰ ਸਕਦੀ ਹੈ ਤੇ ਨਾਲ ਹੀ ਉਨ੍ਹਾਂ ਕੋਲੋਂ ਵੀ ਮੰਤਰੀ ਮੰਡਲ ਬਾਰੇ ਰਾਏ ਮੰਗੀ ਜਾ ਸਕਦੀ ਹੈ।
ਸਿੱਧੂ ਧੜੇ ਨੂੰ ਵੱਡੀਆਂ ਉਮੀਦਾਂ
ਪੰਜਾਬ ’ਚ ਕੈਬਨਿਟ ਵਿਸਤਾਰ ਦੀਆਂ ਤਿਆਰੀਆਂ ਭਾਵੇਂ ਤੇਜ਼ ਹੋ ਗਈਆਂ ਹਨ ਪਰ ਜਿੱਥੇ ਸਿੱਧੂ ਧੜੇ ਦੇ ਵਿਧਾਇਕ ‘ਕੈਪਟਨ ਹਟਾਓ‘ ਮੁਹਿੰਮ ਦੇ ਇਨਾਮ ਵਜੋਂ ਵਜਾਰਤ ਭਾਲ ਰਹੇ ਹਨ, ਉਥੇ ਕਾਂਗਰਸ ਹਾਈਕਮਾਂਡ ਚੋਣ ਸਿਰ ‘ਤੇ ਹੋਣ ਕਾਰਨ ਪੁਰਾਣੇ ਮੰਤਰੀਆਂ ਨੂੰ ਨਜਰ ਅੰਦਾਜ ਕਰਕੇ ਕੋਈ ਜੋਖਮ ਮੁੱਲ ਲੈਣ ਦੀ ਹਾਲਤ ਵਿੱਚ ਬਿਲਕੁਲ ਵੀ ਨਹੀਂ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੋਚ ਦੇ ਹਿਸਾਬ ਨਾਲ ਪੁਰਾਣੇ, ਅਨੁਭਵ ਰੱਖਣ ਵਾਲੇ ਤੇ ਵੱਡੇ ਚਿਹਰਿਆਂ ਨੂੰ ਹੀ ਕੈਬਨਿਟ ਵਿੱਚ ਥਾਂ ਦਿੱਤੀ ਸੀ ਤੇ ਇਹ ਉਹ ਚਿਹਰੇ ਹਨ, ਜਿਹੜੇ ਕੈਪਟਨ ਵਾਂਗ ਹੀ ਸਮੁੱਚੇ ਪੰਜਾਬ ਵਿੱਚ ਵੱਡਾ ਪ੍ਰਭਾਵ ਰੱਖਦੇ ਹਨ। ਇਨ੍ਹਾਂ ਚਿਹਰਿਆਂ ਨੂੰ ਹਾਈਕਮਾਂਡ ਵੱਲੋਂ ਨਜਰ ਅੰਦਾਜ ਕਰਨਾ ਪਾਰਟੀ ਲਈ ਵੱਡੇ ਨੁਕਸਾਨ ਤੋਂ ਬਿਨਾ ਕੁਝ ਹੋਰ ਸਾਬਤ ਨਹੀਂ ਹੋਵੇਗਾ।
ਦਿੱਲੀ ਮੀਟਿੰਗ ਦੌਰਾਨ ਚੰਨੀ ਨੇ ਸੌਂਪੀ ਸੀ ਸੂਚੀ
ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਪੰਜਾਬ ਕੈਬਨਿਟ ਦੇ ਵਿਸਥਾਰ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦਿੱਲੀ ਫੇਰੀ ਦੌਰਾਨ ਮੁੱਖ ਮੰਤਰੀ ਚੰਨੀ (CM Channi) ਨੇ ਹਾਈਕਮਾਂਡ ਨੂੰ ਸੂਚੀ ਸੌਂਪ ਦਿੱਤੀ ਸੀ। ਸੂਤਰਾਂ ਮੁਤਾਬਕ ਬ੍ਰਹਮ ਮਹਿੰਦਰਾ (Brahm Mohindra), ਜਿਨ੍ਹਾਂ ਨੂੰ ਕਾਂਗਰਸ ਨੇ ਸ਼ੁਰੂ ਵਿੱਚ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਵਜੋਂ ਐਲਾਨ ਕੀਤਾ ਸੀ, ਸਾਧੂ ਸਿੰਘ ਧਰਮਸੋਤ (Sadhu Singh Dharamsot) ਅਤੇ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Sodhi) ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਇੰਦਰਵੀਰ ਬੁਲਾਰੀਆ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ ਅਤੇ ਰਾਜਕੁਮਾਰ ਵੇਰਕਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਨਵੀਂ ਸੂਚੀ ਹੋਵੇਗੀ ਅਹਿਮ
ਨਵੀਂ ਸੂਚੀ ਇਸ ਲਈ ਮਹੱਤਤਾ ਰੱਖਦੀ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਖੂੰਜੇ ਲਗਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ, ਦੇ ਵਫ਼ਾਦਾਰਾਂ ਨੂੰ ਨਵੇਂ ਮੁੱਖ ਮੰਤਰੀ ਵੱਲੋਂ ਲਾਂਬੇ ਕਰ ਦਿੱਤਾ ਜਾਵੇਗਾ ਪਰ ਇਹ ਹਾਈਕਮਾਂਡ ਲਈ ਬੜਾ ਹੀ ਜੋਖਮ ਭਰਿਆ ਕੰਮ ਹੋਵੇਗਾ। ਇਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਵੱਲੋਂ ਵਿਸਥਾਰ ਕੀਤੇ ਜਾਣ ‘ਤੇ ਪੰਜਾਬ ਵਿੱਚ ਅਗਲੀ ਰਾਜਨੀਤੀ ਤੈਅ ਹੋਣੀ ਹੈ ਤੇ ਕੈਬਨਿਟ ਵਿਸਥਾਰ ‘ਤੇ ਸਾਰਿਆਂ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ।
ਕੈਪਟਨ ਦੇ ਨੇੜਲਿਆਂ ਵਿਰੁੱਧ ਕਾਰਵਾਈ ਦੀ ਸ਼ੁਰੂਆਤ
ਦੂਜੇ ਪਾਸੇ ਨਵੇਂ ਮੁੱਖ ਮੰਤਰੀ ਨੇ ਕੈਪਟਨ ਸਰਕਾਰ ਦੇ ਨੇੜਲੇ ਅਫਸਰਾਂ ਅਤੇ ਸਲਾਹਕਾਰਾਂ ਵਿਰੁੱਧ ਕਾਰਵਾਈ ਵਿੱਢ ਦਿੱਤੀ ਹੈ। ਮੁੱਖ ਸਕੱਤਰ ਵਿੰਨੀ ਮਹਾਜਨ, ਸੀਐਮ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਤੇ ਹੋਰ ਅਫਸਰਾਂ ਨੂੰ ਬਦਲ ਦਿੱਤਾ ਗਿਆ ਹੈ ਤੇ ਕੈਪਟਨ ਦੇ ਸਲਾਹਕਾਰਾਂ ਤੇ ਓਐਸਡੀਜ਼ ਨੂੰ ਹਟਾ ਦਿੱਤਾ ਹੈ। ਇਸ ਨਾਲ ਸਪਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਕੈਪਟਨ ਦੇ ਨੇੜਲਿਆਂ ਨੂੰ ਖੂੰਜੇ ਲਗਾਇਆ ਜਾਏਗਾ ਪਰ ਪਾਰਟੀ ਲਈ ਅਜਿਹਾ ਕਰਨਾ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਖਿੱਤਾ ਕਾਫੀ ਵੱਡਾ ਹੈ। ਅਜਿਹੇ ਵਿੱਚ ਕੈਬਨਿਟ ਦੀ ਚੋਣ ਕਰਨ ਵਿੱਚ ਵੀ ਹਾਈਕਮਾਂਡ ਨੂੰ ਕਾਫੀ ਮਿਹਨਤ ਕਰਨੀ ਪਵੇਗੀ।
ਇਹ ਵੀ ਪੜ੍ਹੋ:ਕੈਪਟਨ ਦੇ ਚਹੇਤਿਆਂ ਦੀ ਛਾਂਟੀ ਸ਼ੁਰੂ, ਅਨਿਰੁੱਧ ਤਿਵਾਰੀ ਨੇ ਲਈ ਵਿੰਨੀ ਮਹਾਜਨ ਦੀ ਥਾਂ