ਚੰਡੀਗੜ੍ਹ: ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਕੋਵਿਡ ਲੱਛਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਜੰਗੀ ਪੱਧਰ ’ਤੇ ਕਰਨ ਲਈ ਅਤੇ ਸਰਕਾਰੀ ਤੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਵਿਖੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਿਰੀਖਣ ਕਰਨ ਸਬੰਧੀ ਸਿਹਤ ਮੰਤਰੀ ਵੱਲੋਂ ਲੁਧਿਆਣਾ, ਐਸ ਏ ਐਸ ਨਗਰ, ਪਟਿਾਆਲਾ, ਬਠਿੰਡਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਰੋਪੜ ,ਬਰਨਾਲਾ, ਮੁਕਤਸਰ ਸਾਹਿਬ ਅਤੇ ਫਤਿਹਗੜ ਸਾਹਿਬ ਦੇ 11 ਸਿਵਲ ਸਰਜਨਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਜੇ ਵੀ ਲੋਕਾਂ ਨੁੰ ਇਹ ਗਲਤਫਹਿਮੀ ਹੋ ਰਹੀ ਹੈ ਕਿ ਸ਼ਾਇਦ ਉਹ ਟਾਈਫਾਇਡ ਅਤੇ ਹੋਰ ਮੌਸਮੀ ਬੁਖਾਰ ਤੋਂ ਪੀੜਤ ਹਨ। ਪਰ ਜਦੋਂ ਉਨਾਂ ਨੂੰ ਸਾਹ ਲੈਣ ਸਬੰਧੀ ਹੋਰ ਗੰਭੀਰ ਤਕਲੀਫ ਹੁੰਦੀ ਹੈ ਅਤੇ ਜਦੋਂ ਉਹ ਹਸਪਤਾਲ ਵਿਖੇ ਪਹੁੰਚ ਕਰਦੇ ਹਨ। ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਪੀੜਤ ਹਨ।
ਬਲਬੀਰ ਸਿੱਧੂ ਵੱਲੋਂ ਇਨਾਂ ਪ੍ਰਸਥਿਤੀਆਂ ‘ਤੇ ਚਿੰਤਾ ਜਾਹਿਰ ਕਰਦਿਆਂ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਪਿੰਡਾਂ ਵਿੱਚ ਸਕਰੀਨਿੰਗ ਮੁਹਿੰਮ ਦੀ ਰਫਤਾਰ ਨੂੰ ਤੇਜ਼ ਕਰਨ ਕਿਉਂਕਿ ਪੰਜਾਬ ਦੇ ਦਿਹਾਤੀ ਆਬਾਦੀਆਂ ਵਿੱਚ ਕੋਵਿਡ-19 ਦੇ 27 ਫੀਸਦੀ ਮਾਮਲਿਆਂ ਦੇ ਵਿਰੁੱਧ 58 ਫੀਸਦੀ ਮੌਤਾਂ ਦਰਜ ਹੋਈਆਂ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਵਧੀ ਹੋਈ ਮੌਤ ਦਰ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਪਿੰਡਾਂ ਵਿੱਚ ਚੱਲ ਰਹੇ ਪ੍ਰਾਈਵੇਟ ਕਲੀਨਿਕ/ਆਰ ਐਮ ਪੀਜ਼ ਦੇ ਸੰਚਾਲਨ ‘ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਉਨਾਂ ਕਿਹਾ ਕਿ ਇਨਾਂ ਕਲੀਨਿਕਾਂ ਵਿੱਚ ਇਲਾਜ ਕਰਾ ਰਹੇ ਹਰ ਕੋਵਿਡ ਲੱਛਣਾਂ ਵਾਲੇ ਮਰੀਜ਼ ਦਾ ਕੋਵਿਡ ਟੈਸਟ ਯਕੀਨੀ ਤੌਰ ’ਤੇ ਕੀਤਾ ਜਾਵੇ।
ਉਨਾਂ ਕਿਹਾ ਕਿ ਜੇਕਰ ਕੋਈ ਨਿੱਜੀ ਸਿਹਤ ਸੰਸਥਾ/ਕਲੀਨਿਕ ਰੋਜ਼ਾਨਾਂ ਲੱਛਣਾਂ ਵਾਲੇ ਵਿਅਕਤੀਆਂ ਦੀ ਜਾਣਕਾਰੀ ਬਾਰੇ ਸੂਚਿਤ ਨਹੀਂ ਕਰਦੀ ਤਾਂ ਉਨਾਂ ਖਿਲਾਫ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਲਈ ਐਪੀਡੈਮਿਕ ਡਜ਼ੀਜ਼ਸ ਐਕਟ ਤਹਿਤ ਮਾਮਲੇ ਦਰਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਨੂੰ ਯਕੀਨੀ ਬਣਾਉਣ ਕਿਉਂਕਿ ਮਹਾਂਮਾਰੀ ਦੇ ਪਰਕੋਪ ਤੋਂ ਬਚਣ ਦਾ ਇਹੋ ਇਕਮਾਤਰ ਰਸਤਾ ਹੈ।