ਚੰਡੀਗੜ: ਪੰਜਾਬ ਵਿੱਚ ਬਣਨ ਵਾਲੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਪਹਿਲਾਂ ਉੱਪ-ਕੁਲਪਤੀ ਨਿਯੁਕਤ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਕਰਮਜੀਤ ਸਿੰਘ ਨੂੰ ਯੂਨੀਵਰਸਿਟੀ ਦਾ ਉੱਪ ਕੁਲਪਤੀ ਨਿਯੁਕਤ ਕੀਤਾ ਹੈ।
ਡਾ: ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਪਹਿਲੇ ਉੱਪ ਕੁਲਪਤੀ ਨਿਯੁਕਤ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਸਿੰਘ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਤੱਕ ਯੂਨੀਵਰਸਿਟੀ ਦੇ ਉੱਪ-ਕੁਲਪਤੀ ਬਣੇ ਰਹਿਣਗੇ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਉੱਪ-ਕੁਲਪਤੀ ਦੀ ਨਿਯੁਕਤੀ ਸਬੰਧੀ ਨਿਯਮ ਤੇ ਸ਼ਰਤਾਂ ਵੱਖਰੇ ਤੌਰ 'ਤੇ ਨੋਟੀਫਾਈ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਖੇਤਰ ਵਿੱਚ ਐਮ.ਕਾਮ ਅਤੇ ਪੀ.ਐਚਡੀ ਦੀ ਡਿਗਰੀ ਹਾਸਲ ਡਾ. ਕਰਮਜੀਤ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਯੋਗ ਪ੍ਰਸ਼ਾਸਕ ਹਨ। ਜਿੰਨ੍ਹਾਂ ਕੋਲ ਅਧਿਆਪਨ ਅਤੇ ਖੋਜ ਦਾ 34 ਸਾਲ ਤਜਰਬਾ ਹੈ। ਉਹ 30 ਸਤੰਬਰ, 2018 ਤੋਂ ਹੁਣ ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਬਤੌਰ ਰਜਿਸਟਰਾਰ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੁੰਦਿਆਂ ਉਹ ਵੱਖ-ਵੱਖ ਪ੍ਰਸ਼ਾਸਨਿਕ ਆਸਾਮੀਆਂ 'ਤੇ ਕੰਮ ਕਰ ਚੁੱਕੇ ਹਨ ਅਤੇ ਉਹ ਯੂ.ਜੀ.ਸੀ ਮਾਹਰ ਕਮੇਟੀ ਦੇ ਮੈਂਬਰ ਵੀ ਰਹੇ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਕਰਮਜੀਤ ਸਿੰਘ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ (2017-18) ਦੇ ਪ੍ਰਧਾਨ ਵੀ ਰਹੇ ਅਤੇ ਇੰਡੀਅਨ ਕਾਮਰਸ ਐਸੋਸੀਏਸ਼ਨ ਵਲੋਂ 14 ਅਕਤੂਬਰ, 2017 ਨੂੰ ਜੈਪੁਰ ਵਿਖੇ ਉਨ੍ਹਾਂ ਨੂੰ ਸਰਵੋਤਮ ਬਿਜ਼ਨਸ ਅਕਾਦਮਿਕ ਐਵਾਰਡ 2017 ਨਾਲ ਨਵਾਜ਼ਿਆ ਗਿਆ। ਉਹ ਹੋਰ ਵੱਖ ਵੱਖ ਪ੍ਰਸ਼ਾਸਨਿਕ ਤੇ ਅਕਾਦਮਿਕ ਵਿਸ਼ੇਸ਼ਤਾਵਾਂ ਦੇ ਮਾਲਕ ਹਨ।