ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਤੇ ਬਿਜਲੀ ਵਿਭਾਗ(Department of Power) ਵੱਲੋਂ ਕੀਤੀ ਗਈ ਬੈਠਕ ਵਿੱਚ ਅਹਿਮ ਫੈਸਲਾ ਲੈਂਦਿਆਂ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਹ ਪੈਸੇ ਤੋਂ ਇਕ ਰੁਪਿਆ ਪ੍ਰਤੀ ਯੂਨਿਟ ਬਿਜਲੀ ਦੀ ਦਰ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਕਿ ਨਵੇਂ ਟੈਰਿਫ ਦੀਆਂ ਦਰਾਂ ਇੱਕ ਜੂਨ ਤੋਂ ਲਾਗੂ ਹੋਣਗੀਆਂ।
ਹਾਸਲ ਜਾਣਕਾਰੀ ਮੁਤਾਬਕ ਘਰੇਲੂ ਖਪਤਕਾਰਾਂ ਨੂੰ 50 ਪੈਸੇ ਤੋਂ ਇਕ ਰੁਪਇਆ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਜਦਕਿ ਸਨਅਤੀ ਤੇ ਕਮਰਸ਼ੀਅਲ ਖਪਤਕਾਰਾਂ ਦੀਆਂ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਦਰਾਂ ਇਸ ਸਾਲ ਪਹਿਲੀ ਜੂਨ ਤੋਂ ਲਾਗੂ ਹੋਣਗੀਆਂ ਤੇ 3 ਮਾਰਚ 2022 ਤਕ ਲਾਗੂ ਰਹਿਣਗੀਆਂ। ਦੂਜੇ ਪਾਸੇ ਵੱਡੇ ਸਨਅਤੀ ਖਪਤਕਾਰਾਂ ਦੀਆਂ ਦਰਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ। ਦੋ ਹਜ਼ਾਰ ਕਿਲੋਵਾਟ ਤਕ ਦੇ ਖਪਤਕਾਰਾਂ ਨੂੰ ਪਹਿਲੀਆਂ 100 ਯੂਨਿਟਾਂ ’ਤੇ ਇੱਕ ਰੁਪਏ ਤੇ 101 ਤੋਂ 300 ਯੂਨਿਟ ਤਕ 50 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਇਸ ਵੇਰੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 4.49 ਰੁਪਏ ਤੋਂ ਲੈ ਕੇ 7.30 ਰੁਪਏ ਪ੍ਰਤੀ ਯੂਨਿਟ ਹਨ। ਉਦਯੋਗਿਕ ਖਪਤਕਾਰਾਂ ਲਈ ਇਹ ਦਰਾਂ 5.98 ਰੁਪਏ ਤੋਂ ਲੈ ਕੇ 6.41 ਰੁਪਏ ਪ੍ਰਤੀ ਯੂਨਿਟ ਹਨ ਤੇ ਵਪਾਰਕ ਖਪਤਕਾਰਾਂ ਲਈ 6 ਰੁਪਏ ਤੋਂ 7.29 ਰੁਪਏ ਪ੍ਰਤੀ ਯੂਨਿਟ ਹਨ।
ਨਵੇਂ ਟੈਰਿਫ ਮੁਤਾਬਕ ਜ਼ੀਰੋ ਤੋਂ ਸੌ ਯੂਨਿਟ ਤੱਕ ਇੱਕ ਰੁਪਏ ਬਿਜਲੀ ਸਸਤੀ ਹੋਵੇਗੀ, ਜਦਕਿ ਇੱਕ ਸੌ ਇੱਕ ਤੋਂ ਤਿੰਨ ਸੌ ਯੂਨਿਟ ਤੱਕ ਪੰਜਾਹ ਪੈਸੇ ਬਿਜਲੀ ਸਸਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਕਿੱਲੋ ਵਾਟ ਲੋਡ ਉੱਪਰ ਪੰਜਾਹ ਪੈਸੇ ਤੋਂ ਇੱਕ ਰੁਪਿਆ ਬਿਜਲੀ ਸਸਤੀ ਕੀਤੀ ਗਈ ਹੈ, ਜਦਕਿ ਦੋ ਕਿਲੋਵਾਟ ਤੋਂ ਸੱਤ ਕਿਲੋਵਾਟ ਤੱਕ ਦੇ ਲੋਡ ਦੀ ਪੰਜਾਹ ਪੈਸੇ ਤੋਂ ਪਚੱਤਰ ਪੈਸੇ ਤੱਕ ਪ੍ਰਤੀ ਯੂਨਿਟ ਬਿਜਲੀ ਸਸਤੀ ਹੋਵੇਗੀ। ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਨਾਲ ਅਤੇ ਬਿਜਲੀ ਵਿਭਾਗ ਵਲੋਂ ਦਿੱਤੀ ਗਈ ਰਾਹਤ ਨਾਲ ਸੂਬੇ ਦੇ ਲੋਕਾਂ ਨੂੰ ਇੱਕ ਸੌ ਤਿਰਾਸੀ ਕਰੋੜ ਰੁਪਏ ਦੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ:Rape: ਬੰਗਲਾਦੇਸ਼ ਦੀ ਔਰਤ ਦਾ ਦੋਸਤਾਂ ਨੇ ਬੰਗਲੁਰੂ ’ਚ ਕੀਤਾ ਸਰੀਰ ਸ਼ੋਸ਼ਣ