ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਕਿਸੇ ਦੀ ਵੀ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਸ਼ਿਕਾਇਤ ਹੈ ਤਾਂ ਉਹ ਹੁਣ ਸਿੱਧਾ ਚੋਣ ਕਮਿਸ਼ਨ ਨੂੰ ਭੇਜ ਸਕੇਗਾ ਅਤੇ ਵੱਡੀ ਗੱਲ ਹੈ ਕਿ ਸਿਰਫ ਸੌ ਮਿੰਟ ਦੇ ਵਿੱਚ ਉਸ ਦੇ ਉੱਪਰ ਕਾਰਵਾਈ ਵੀ ਕਰ ਦਿੱਤੀ ਜਾਵੇਗੀ । ਇਸ ਬਾਬਤ ਇੱਕ ਐਪ ਚੋਣ ਕਮਿਸ਼ਨ ਵੱਲੋਂ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ 'ਸੀ ਵਿਜਲ' ਹੈ ।
ਸ਼ਿਕਾਇਤ ਦੇਣ ਵਾਸਤੇ ਤੁਹਾਨੂੰ ਇਸ ਐਪ ਨੂੰ ਆਪਣੇ ਫੋਨ ਵਿੱਚ ਡਾਊਨਲੋਡ ਕਰਨਾ ਹੋਵੇਗਾ ਅਤੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਇਸ ਐਪ 'ਤੇ ਅਪਲੋਡ ਕਰਨੀ ਹੋਵੇਗੀ ਪਰ ਧਿਆਨ ਰੱਖਣਾ ਕਿ ਪ੍ਰੋਸੈੱਸ ਤੁਸੀਂ ਪੰਜ ਮਿੰਟ ਵਿੱਚ ਪੂਰਾ ਕਰਨਾ ਨਹੀਂ ਤਾਂ ਸ਼ਿਕਾਇਤ ਦਰਜ ਨਹੀਂ ਹੋ ਸਕੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਐਸ ਕਰੁਣਾ ਰਾਜੂ ਨੇ ਦੱਸਿਆ ਕੀ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਨੂੰ ਜਲਦ ਹੱਲ ਕਰਨਾ ਹੈ। ਉਨ੍ਹਾਂ ਕਿਹਾ ਇਸ ਬਾਬਤ ਕਈ ਸ਼ਿਕਾਇਤਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ
ਉਨ੍ਹਾਂ ਦੱਸਿਆ ਕਿ ਇਹ ਐਪ ਵੱਖਰੇ ਤਰ੍ਹਾਂ ਦੀ ਹੈ। ਇਸ ਐਪ ਵਿੱਚ ਕੋਈ ਵੀ ਪੁਰਾਣੀ ਵੀਡੀਓ ਨਹੀਂ ਪਾਈ ਜਾ ਸਕਦੀ ਅਤੇ ਨਾਲ ਹੀ ਸ਼ਿਕਾਇਤ ਪਾਉਣ ਵਾਲੇ ਨੂੰ ਇਜਾਜ਼ਤ ਹੋਵੇਗੀ ਕਿ ਉਹ ਆਪਣੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਜਾਂ ਨਹੀਂ । ਜੇ ਉਹ ਆਪਣੀ ਜਾਣਕਾਰੀ ਸਾਂਝੀ ਕਰੇਗਾ ਤਾਂ ਸ਼ਿਕਾਇਤ ਦਾ ਸਟੇਟਸ ਉਸਦੇ ਫੋਨ 'ਤੇ ਹੀ ਉਸ ਨੂੰ ਮਿਲ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਹੁਣ ਤੱਕ 2,21,480 ਤੋਂ ਵੱਧ ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 49,574 ਲੀਟਰ ਸ਼ਰਾਬ ਫੜੀ ਗਈ ਹੈ ਜਿਸ ਦੀ ਕੀਮਤ 96 ਲੱਖ ਰੁਪਏ ਬਣਦੀ ਹੈ। ਰਾਜੂ ਨੇ ਦਸਿਆ ਕਿ ਹੁਣ ਤੱਕ 57 ਕਰੋੜ ਤੋਂ ਵੱਧ ਦੇ ਨਸ਼ੇ ਪੰਜਾਬ ਵਿਚ ਫੜ੍ਹੇ ਜਾ ਚੁੱਕੇ ਹਨ।