ਚੰਡੀਗੜ੍ਹ: ਦੇਸ਼ ਭਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਪੱਛਮ ਬੰਗਾਲ 'ਚ ਡਾਕਟਰਾਂ ਦੀ ਕੁੱਟਮਾਰ ਮਾਮਲੇ 'ਚ ਡਾਕਟਰਾਂ ਨੇ ਹਸਪਤਾਲ ਬੰਦ ਕਰਕੇ ਹੜਤਾਲ ਕੀਤੀ। ਉੱਥੇ ਹੀ ਪੰਜਾਬ ਦੇ ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ, ਚੰਡੀਗੜ੍ਹ ਤੇ ਬਠਿੰਡਾ ਦੇ ਡਾਕਟਰਾਂ ਨੇ ਆਪਣਾ ਕੰਮ ਠੱਪ ਰੱਖਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ।
ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਓਪੀਡੀ ਬੰਦ, ਮੁਕੰਮਲ ਮੈਡੀਕਲ ਸੇਵਾਵਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰਾਂ ਵੱਲੋਂ ਕੀਤੀ ਹੜਤਾਲ ਦਾ ਖ਼ਾਮਿਆਜ਼ਾ ਮਰੀਜ਼ਾਂ ਨੂੰ ਵੀ ਭੁਗਤਣਾ ਪਿਆ, ਤੇ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਇਸ ਬਾਰੇ ਡਾਕਟਰਾਂ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਡਾਕਟਰਾਂ 'ਤੇ ਹੋਏ ਹਮਲਿਆਂ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਤੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ 'ਚ ਹੜਤਾਲ ਦੌਰਾਨ ਇੱਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਲਗਭਗ 200 ਲੋਕ ਟਰੱਕਾਂ 'ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਹਸਪਤਾਲ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ 2 ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਦੇ ਚੱਲਦਿਆਂ ਦੇਸ਼ ਭਰ ਤੇ ਪੰਜਾਬ ਦੇ ਡਾਕਟਰਾਂ ਵੱਲੋਂ ਸਰਕਾਰ ਖ਼ਿਲਾਫ਼ ਗੁੱਸਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।