ਚੰਡੀਗੜ੍ਹ: 26 ਜਨਵਰੀ ਨੂੰ ਲਾਲ ਕਿਲੇ ਵਿਖੇ ਹੋਈ ਹਿੰਸਾ ਮਾਮਲੇ 'ਚ ਆਦਾਕਾਰ ਦੀਪ ਸਿੱਧੂ ਖਿਲਾਫ NIA ਅਤੇ ਦਿੱਲੀ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ਼ ਕੀਤੇ ਅਤੇ ਹੁਣ ਦੀਪ ਸਿੱਧੂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੀਪ ਸਿੱਧੂ ਦੇ ਕਰੀਬੀ ਸੂਤਰਾਂ ਮੁਤਾਬਕ ਦੀਪ ਸਿੱਧੂ ਮੁੰਬਈ ਭੱਜ ਗਿਆ ਹੈ ਜੋ ਕਿ ਕਿਸਾਨ ਅੰਦੋਲਨ ਦੀ ਆੜ 'ਚ ਪੰਜਾਬ 'ਚ ਤੀਸਰਾ ਫਰੰਟ ਖੜਾ ਕਰਨ ਦੀ ਕੋਸ਼ਿਸ਼ 'ਚ ਸੀ ਅਤੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਹੀ ਲਾਲ ਕਿਲ੍ਹੇ ਵਿਖੇ 26 ਨੂੰ ਕੇਸਰੀ ਝੰਡਾ ਲਹਿਰਾਇਆ ਗਿਆ।
ਮੋਰਚੇ 'ਚ ਗਰਮਖਿਆਲੀ ਗੱਲਾਂ ਕਰਦਾ ਸੀ ਦੀਪ ਸਿੱਧੂ
ਦੀਪ ਸਿੱਧੂ ਦੇ ਕਰੀਬੀ ਨੇ ਕਿਹਾ ਕੀ ਸ਼ੰਭੂ ਮੋਰਚੇ ਵਿਖੇ ਉਹ ਧਰਨੇ 'ਚ ਘੱਟ ਅਤੇ ਹੋਟਲ 'ਚ ਜ਼ਿਆਦਾ ਰਹਿੰਦਾ ਸੀ ਅਤੇ ਦਿੱਲੀ ਤੋਂ ਆਏ ਹੁਕਮਾਂ ਮੁਤਾਬਕ ਮੋਰਚੇ 'ਚ ਗਰਮਖਿਆਲੀ ਗੱਲਾਂ ਕਰਦਾ ਸੀ। ਜਦ ਉਸਨੇ ਆਪਣੇ ਸਾਥੀ ਨੂੰ ਕਿਸਾਨ ਅੰਦੋਲਨ ਦੀ ਆੜ 'ਚ 2022 ਦੀਆਂ ਚੋਣਾਂ ਲੜਨ ਦੀ ਗੱਲ ਕਹੀ ਤਾਂ ਉਹ ਪਿੱਛੇ ਹੱਟ ਗਏ ਅਤੇ ਲਾਲ ਕਿਲ੍ਹੇ ਦੀ ਹਿੰਸਾ ਵੀ ਉਸੇ ਦਾ ਹਿੱਸਾ ਹੈ।
ਚੈਨਲ ਚਲਾਉਣ ਲਈ ਵਿਦੇਸ਼ ਤੋਂ ਆਉਂਦਾ ਸੀ ਦੀਪ ਨੂੰ ਫੰਡ
ਉਹ ਟਰੈਕਟਰ ਪਰੇਡ ਵਾਲੇ ਦਿਨ ਇੱਕ ਪੁਲਿਸ ਅਫਸਰ ਦੀ ਮਦਦ ਨਾਲ ਬੰਗਲਾ ਸਾਹਿਬ ਗੁਰੂਦਵਾਰਾ ਪਹੁੰਚਿਆ, ਜੋ ਗੱਲ ਉਸਨੇ ਖੁਦ ਵੀ ਕਬੂਲ ਕੀਤੀ ਹੈ। ਇਨ੍ਹਾਂ ਹੀ ਨਹੀਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ 'ਚ ਵੈੱਬ ਚੈਨਲ ਵੀ ਸ਼ੁਰੂ ਕੀਤਾ ਜਿਸ 'ਤੇ ਉਹ ਆਪਣੇ ਅਤੇ ਅਤੇ ਲੱਖੇ ਸਿਧਾਣੇ ਨੂੰ ਪ੍ਰਮੋਟ ਕਰਦਾ ਆ ਰਿਹਾ ਸੀ। ਇਸ ਚੈਨਲ ਨੂੰ ਖਾਸ ਮਕਸਦ ਲਈ ਚਲਾਇਆ ਗਿਆ ਅਤੇ ਚੈਨਲ ਚਲਾਉਣ ਲਈ ਵਿਦੇਸ਼ ਤੋਂ ਬਹੁਤ ਜਿਆਦਾ ਫੰਡ ਦੀਪ ਸਿੱਧੂ ਦੇ ਦੋਸਤ ਦੀ ਪ੍ਰਾਈਵੇਟ ਕੰਪਨੀ ਦੇ ਖਾਤੇ 'ਚ ਵੀ ਆਇਆ ਸੀ।