ਚੰਡੀਗੜ੍ਹ: ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਅੱਜ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੌਰਾਨ ਸਮੂਹ ਪੁਲਿਸ ਮੁਖੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਨਸ਼ਾ ਤਸਕਰਾਂ/ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਡੀਜੀਪੀ ਨੇ ਕਿਹਾ, “ਆਪਣੇ ਸਬੰਧਤ ਖੇਤਰਾਂ ਵਿੱਚ ਸਾਰੇ ਨਾਮੀ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੀ ਤਸਕਰੀ ਲਈ ਹਾਟਸਪਾਟਜ਼ ਦੀ ਪਛਾਣ ਕਰੋ ਅਤੇ ਨਸ਼ਾ ਵੇਚਣ / ਤਸਕਰੀ ਕਰਨ ਵਾਲੇ ਸਾਰੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਕਾਬੂ ਕਰੋ।’’
ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਸਖ਼ਤ ਕਾਰਵਾਈ ਦੇ ਆਦੇਸ਼
ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਜੇਲ੍ਹਾਂ-ਨਸ਼ਿਆਂ ਦਾ ਗੱਠਜੋੜ ਤੋੜਨ ਲਈ ਜੇਲ੍ਹਾਂ ਵਿਚ ਸਮੇਂ-ਸਮੇਂ ‘ਤੇ ਸੰਗਠਿਤ ਛਾਪੇਮਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਜ਼ਿਲ੍ਹਾ ਮੁਖੀਆਂ ਨੂੰ ਸਾਰੇ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਤਾਂ ਜੋ ਉਨ੍ਹਾਂ ਵੱਲੋਂ ਗਲਤ ਢੰਗਾਂ ਨਾਲ ਇੱਕਠੇ ਕੀਤੇ ਧਨ ਦੀ ਬਰਾਮਦਗੀ ਕੀਤੀ ਜਾ ਸਕੇ।
ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਦੇ ਆਦੇਸ਼
ਪੰਜਾਬ ਭਰ ਦੇ ਪੁਲਿਸ ਥਾਣਿਆਂ ਦੇ ਮਾਲਖਾਨਿਆਂ ਵਿਚ ਪਏ ਡਰੱਗ ਦੇ ਜਾਇਦਾਦ ਸਬੰਧੀ ਮਾਮਲਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਖਾਤਮਾ ਕਰਨ ਲਈ ਡੀਜੀਪੀ ਨੇ ਪੁਲਿਸ ਮੁਖੀਆਂ ਨੂੰ ਪ੍ਰਕਿਰਿਆ ਅਨੁਸਾਰ 31 ਜੁਲਾਈ, 2021 ਤੱਕ ਸਾਰੇ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਲਈ ਪ੍ਰਸਤਾਵ ਬਣਾਉਣ ਦੇ ਆਦੇਸ਼ ਦਿੱਤੇ।
ਇਸ ਦੌਰਾਨ ਏਡੀਜੀਪੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) -ਕਮ-ਇੰਟਰਨਲ ਵਿਜੀਲੈਂਸ ਸੈੱਲ (ਆਈਵੀਸੀ) ਬੀ ਚੰਦਰ ਸ਼ੇਖਰ ਨੇ 01 ਜਨਵਰੀ, 2021 ਤੋਂ 30 ਅਪ੍ਰੈਲ, 2021 ਤੱਕ ਦੇ ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ ਵੱਖ ਵੱਖ ਨਸ਼ਿਆਂ ਦੀ ਬਰਾਮਦਗੀ ਦਾ ਵੇਰਵਾ ਸਾਂਝਾ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਐਨਡੀਪੀਐਸ ਐਕਟ ਤਹਿਤ 3073 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਜਦਕਿ 4160 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਕੁੱਲ 196 ਕਿਲੋਗ੍ਰਾਮ ਹੈਰੋਇਨ, 2 ਕਿਲੋਗ੍ਰਾਮ ਸਮੈਕ ਅਤੇ 261 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।
ਇਹ ਵੀ ਪੜੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !