ਚੰਡੀਗੜ੍ਹ: ਡੀਜੀਪੀ ਦਿਨਕਰ ਗੁਪਤਾ ਦੀ ਚੰਡੀਗੜ੍ਹ ਪ੍ਰਸ਼ਾਸਨ ਟ੍ਰਿਬਿਊਨਲ ਨੇ ਫ਼ੈਸਲਾ ਸੁਣਾਉਂਦੇ ਹੋਏ ਨਿਯੁਕਤੀ ਰੱਦ ਕਰ ਦਿੱਤੀ ਹੈ। ਇਸ ਫ਼ੈਸਲੇ 'ਤੇ ਬੋਲਦਿਆਂ ਡੀਜੀਪੀ ਦੇ ਵਕੀਲ ਪੁਨੀਤ ਬਾਲੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਹ CAT ਵਿਰੁੱਧ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹਨ।
ਡੀਜੀਪੀ ਦੇ ਵਕੀਲ ਨੇ ਕਿਹਾ
ਪੁਨੀਤ ਬਾਲੀ ਮੁਤਾਬਿਕ ਉਨ੍ਹਾਂ ਨੇ ਕੈਟ ਦੇ ਆਰਡਰ ਹਾਲੇ ਨਹੀਂ ਪੜ੍ਹੇ ਪਰ ਉਨ੍ਹਾਂ ਨੇ ਇਹ ਜ਼ਰੂਰ ਸੁਣਿਆ ਹੈ ਕਿ ਪ੍ਰੈੱਸ ਪੈਨਲ ਮੁੜ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਦਾ ਕੋਈ ਉਲੰਘਣ ਸਾਡੇ ਵੱਲੋਂ ਨਹੀਂ ਕੀਤਾ ਗਈ। ਫਿਲਹਾਲ ਜਦੋਂ ਤੱਕ ਕੋਈ ਅਪੀਲ ਜਾਂ ਸਟੇਅ ਨਹੀਂ ਹੁੰਦੀ ਉਦੋਂ ਤੱਕ ਕੈਟ ਦਾ ਫ਼ੈਸਲਾ ਹੀ ਮੰਨਿਆ ਜਾਵੇਗਾ।
ਪੁਨੀਤ ਬਾਲੀ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਵਿੱਚ ਕੈਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਬਾਰੇ ਹਾਲੇ ਤੱਕ ਕੋਈ ਵੀ ਗੱਲ ਡੀਜੀਪੀ ਨਾਲ ਮੇਰੀ ਨਹੀਂ ਹੋਈ ਅਤੇ ਹਾਈ ਕੋਰਟ ਵਿੱਚ ਸਰਕਾਰ ਵੱਲੋਂ ਚੁਣੌਤੀ ਦਿੱਤੀ ਜਾਵੇਗੀ ਜਾਂ ਡੀਜੀਪੀ ਵੱਲੋਂ ਇਸ ਬਾਰੇ ਵੀ ਹਾਲੇ ਕੁਝ ਨਹੀਂ ਪਤਾ।
ਸਾਡਾ ਡੀਜੀਪੀ ਦਿਨਕਰ ਗੁਪਤਾ ਹੀ ਹੈ: ਮੁੱਖ ਮੰਤਰੀ
ਜ਼ਿਕਰਯੋਗ ਹੈ ਕਿ DGP ਦਿਨਕਰ ਗੁਪਤਾ ਦੀ ਨਿਯੁਕਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਡੀਜੀਪੀ ਦਿਨਕਰ ਗੁਪਤਾ ਹੀ ਹੈ। CAT ਦੇ ਫ਼ੈਸਲੇ 'ਤੇ ਕੈਪਟਨ ਨੇ ਕਿਹਾ ਕਿ ਇਹ UPSC ਅਤੇ CAT ਦਾ ਆਪਸੀ ਮਾਮਲਾ ਹੈ।
ਕੀ ਹੈ ਮਾਮਲਾ
CAT ਨੇ ਫ਼ੈਸਲਾ ਸੁਣਾਉਂਦੇ ਹੋਏ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਆਰਡਰ ਦੀ ਕਾਪੀ ਦੇ ਵਿੱਚ ਕੁੱਝ ਤੱਥ ਸਾਹਮਣੇ ਆਏ ਹਨ। ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਦੀ ਇਮਪੈਨਲਮੈਂਟ ਕਮੇਟੀ 'ਤੇ ਸਵਾਲ ਵੀ ਚੁੱਕੇ ਹਨ। ਦਿਨਕਾਰ ਗੁਪਤਾ ਦੀ ਨਿਯੁਕਤੀ ਨੂੰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਮੁਹੰਮਦ ਮੁਸਤਫ਼ਾ ਅਤੇ ਐਸ ਚਟੋਪਾਧਿਆ ਨੇ ਚੁਣੌਤੀ ਦਿੱਤੀ ਸੀ।
ਡੀ.ਜੀ.ਪੀ. ਗੁਪਤਾ ਦੀ ਸਿਫਾਰਿਸ਼ ਕਰਦੇ ਸਮੇਂ ਕਮੇਟੀ ਨੇ ਸੁਪਰੀਮ ਕੋਰਟ ਦੇ ਨਿਯਮਾਂ ਨੂੰ ਧਿਆਨ 'ਚ ਨਹੀਂ ਰੱਖਿਆ ਸੀ। ਪੈਨਲ ਬਣਾ ਕੇ ਨਵੇਂ ਸਿਰੇ ਤੋਂ ਤਿੰਨ ਸੀਨੀਅਰ ਅਫ਼ਸਰਾਂ ਨੂੰ ਦੁਬਾਰਾ ਪ੍ਰਕਿਰਿਆ ਕਰਨ ਦੀ ਨਸੀਹਤ ਦਿੱਤੀ ਅਤੇ 4 ਹਫਤਿਆਂ ਵਿੱਚ ਸਾਰੀ ਕਵਾਇਦ ਪੁਰੀ ਕਰਨ ਦੀ ਗੱਲ ਵੀ ਕਹੀ ਹੈ।