ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਬੇਮੌਸਮੀ ਮੀਂਹ, ਝੱਖੜ ਤੇ ਭਾਰੀ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਨੁਕਸਾਨ ਦੀ 100 ਫ਼ੀਸਦੀ ਪੂਰਤੀ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਸੌਂਪੇਗੀ।
ਇਸ ਸਬੰਧੀ ਸੰਧਵਾਂ ਨੇ ਦੱਸਿਆ ਕਿ ਸੂਬੇ ਦੇ ਬਹੁਤ ਸਾਰੇ ਹਿੱਸਿਆਂ 'ਚ ਕੁਦਰਤੀ ਕਰੋਪੀ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕਰਕੇ ਕਿਸਾਨਾਂ ਅਤੇ ਖ਼ੇਤ ਮਜ਼ਦੂਰਾਂ ਦਾ ਮਨੋਬਲ ਡਿੱਗ ਗਿਆ ਹੈ ਜੋ ਕਿ ਪਹਿਲਾਂ ਹੀ ਖੇਤੀ ਸੰਕਟ ਕਾਰਨ ਪਹਿਲਾਂ ਹੀ ਭਾਰੀ ਨਿਰਾਸ਼ਾ 'ਚ ਲੰਘ ਰਹੇ ਹਨ।
ਸੰਧਵਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਫ਼ਸਲਾਂ ਦੇ ਨੁਕਸਾਨ 'ਤੇ ਦਿੱਤੀ ਜਾਂਦੀ ਰਾਹਤ ਕਿਸਾਨਾਂ ਨਾਲ ਮਜ਼ਾਕ ਹੈ ਜਿਸ 'ਚ ਵੱਡੇ ਸੁਧਾਰ ਦੀ ਜ਼ਰੂਰਤ ਹੈ। ਸੰਧਵਾਂ ਨੇ ਸੂਬੇ ਅੰਦਰ ਵਿਸ਼ੇਸ਼ ਮੁਆਵਜ਼ਾ ਫ਼ੰਡ ਅਤੇ ਸਰਲ-ਸਾਰਥਿਕ ਫ਼ਸਲੀ ਬੀਮਾ ਯੋਜਨਾ ਲਾਗੂ ਕਰਨ ਦੀ ਵਕਾਲਤ ਕੀਤੀ।
ਸੰਧਵਾਂ ਨੇ ਕਿਹਾ ਕਿ ਕੁਦਰਤੀ ਕਰੋਪੀ ਦੀ ਮਾਰ ਹੇਠ ਆਈਆਂ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਪ੍ਰਤੀ 20 ਹਜ਼ਾਰ ਰੁਪਏ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ।