ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 30 ਜੂਨ ਤੋਂ ਬਾਅਦ ਸੂਬੇ ਵਿੱਚ ਲੌਕਡਾਊਨ ਦਾ ਫ਼ੈਸਲਾ ਸਥਿਤੀ 'ਤੇ ਨਿਰਭਰ ਹੋਵੇਗਾ ਪਰ ਕੋਵਿਡ ਦੇ ਫੈਲਾਅ ਨੂੰ ਰੋਕਣ ਵਿੱਚ ਜੋ ਵੀ ਕਦਮ ਚੁੱਕਣ ਦੀ ਲੋੜ ਹੋਈ, ਉਹ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ।
'ਕੈਪਟਨ ਨੂੰ ਸਵਾਲ' ਪ੍ਰੋਗਰਾਮ ਦੀ ਅਗਲੀ ਲੜੀ ਵਿੱਚ ਕੈਪਟਨ ਨੇ ਕਿਹਾ, ''ਜੇਕਰ ਅਸੀਂ ਮਹਾਂਮਾਰੀ ਨੂੰ ਕਾਬੂ ਕਰਨ ਦੇ ਸਮਰੱਥ ਹੋ ਜਾਂਦੇ ਹਾਂ ਤਾਂ ਲੌਕਡਾਊਨ ਦੀ ਕੋਈ ਲੋੜ ਨਹੀਂ ਰਹੇਗੀ ਪਰ ਜੇਕਰ ਸਥਿਤੀ ਕਾਬੂ ਤੋਂ ਬਾਹਰ ਹੋਈ ਤਾਂ ਕੋਈ ਹੋਰ ਰਸਤਾ ਨਹੀਂ ਬਚੇਗਾ।'' ਮੁੱਖ ਮੰਤਰੀ ਨੇ ਕਿਹਾ,''ਪੰਜਾਬ ਦੇ ਲੋਕਾਂ ਦੀ ਸੁਰੱਖਿਆ ਖ਼ਾਤਰ ਹੀ ਲੌਕਡਾਊਨ ਲਾਗੂ ਕੀਤਾ ਗਿਆ।''
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਹੋਰ ਸਿਹਤ ਸੁਰੱਖਿਆ ਉਪਾਵਾਂ ਦਾ ਉਲੰਘਣ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਚਲਾਨ ਕੱਟਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿਉਂਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਕੋਰੋਨਾ ਦਾ ਸਿਖਰ ਆਉਣਾ ਅਜੇ ਬਾਕੀ
ਸਿਹਤ ਮਾਹਿਰਾਂ ਵੱਲੋਂ ਪੰਜਾਬ ਵਿੱਚ ਮਹਾਂਮਾਰੀ ਦੇ ਸਿਖਰ ਦਾ ਸਮਾਂ ਅਜੇ ਆਉਣ ਬਾਰੇ ਲਾਏ ਅਨੁਮਾਨ 'ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਕਿਸੇ ਵੀ ਸੂਰਤ ਵਿੱਚ ਢਿੱਲ ਬਰਦਾਸ਼ਤ ਨਹੀਂ ਕਰ ਸਕਦਾ।
ਪੇਪਰਾਂ ਬਾਰੇ ਹੋ ਸਕਦਾ ਛੇਤੀ ਹੀ ਫ਼ੈਸਲਾ
ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ਜਿਸ ਬਾਰੇ ਕਿ ਕਈ ਸੂਬਿਆਂ ਵੱਲੋਂ ਪਹਿਲਾਂ ਹੀ ਐਲਾਨ ਕੀਤੇ ਗਏ ਹਨ, ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਵਾਈਸ ਚਾਂਸਲਰ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਨਗੇ ਅਤੇ ਇਸ ਮਾਮਲੇ ਵਿੱਚ ਯੂ.ਜੀ.ਸੀ. ਤੋ ਦਿਸ਼ਾ ਨਿਰਦੇਸ਼ ਲੈਣਗੇ। ਉਸ ਦੇ ਅਨੁਸਾਰ ਹੀ ਅੰਤਿਮ ਫ਼ੈਸਲਾ ਦੋ-ਦਿਨਾਂ ਦੇ ਅੰਦਰ ਕੀਤਾ ਜਾਵੇਗਾ।
ਅਜੇ ਨਹੀਂ ਖੁੱਲ੍ਹਣਗੇ ਜਿੰਮ
ਜਿੰਮਾਂ ਨੂੰ ਖੋਲ੍ਹਣ ਦੀ ਅਪੀਲ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਕਿਉਂਕਿ ਕੌਮੀ ਆਫ਼ਤਨ ਐਕਟ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ਉਤੇ ਅੱਜ ਤੱਕ 1700 ਸਵਾਲ ਆਏ ਹਨ। ਉਨ੍ਹਾਂ ਕਿਹਾ ਕਿ ਜਿੰਮ ਵਿੱਚ ਵਾਇਰਸ ਦੇ ਅੱਗੇ ਵਧਣ ਦੇ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਜਿੰਮ ਨਹੀਂ ਖੋਲ੍ਹੀਆਂ ਜਾ ਰਹੀਆਂ ਉਦੋਂ ਤੱਕ ਉਹ ਖੁੱਲ੍ਹੇ ਵਿੱਚ ਕਸਰਤ ਕਰਨ, ਇਹੋ ਉਨ੍ਹਾਂ ਲਈ ਸੁਰੱਖਿਅਤ ਹੈ।