ਚੰਡੀਗੜ੍ਹ: ਸ਼ਹਿਰ ਨੂੰ ਸਿਟੀ ਬਿਊਟੀਫੁੱਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਹ ਸ਼ਹਿਰ ਹਰਿਆਲੀ ਨਾਲ ਭਰਪੂਰ ਤੇ ਸਾਫ਼ ਸੁੱਥਰਾ ਹੈ। ਜਦੋਂ ਦੀ ਤਾਲਾਬੰਦੀ ਹੋਈ ਹੈ, ਉਦੋਂ ਦਾ ਚੰਡੀਗੜ੍ਹ ਦੇ ਪ੍ਰਦੂਸ਼ਣ 'ਚ ਕਾਫ਼ੀ ਅਸਰ ਪਿਆ ਹੈ। ਹਵਾ ਵੀ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ ਤੇ ਅਸਮਾਨ ਵੀ ਨੀਲਾ ਨਜ਼ਰ ਆਉਣ ਲੱਗ ਗਿਆ ਹੈ ਤੇ ਇਸ ਦੌਰਾਨ ਚੰਡੀਗੜ੍ਹ ਸਭ ਤੋਂ ਸਾਫ਼ ਸ਼ਹਿਰਾਂ ਦੀ ਲਿਸਟ ਵਿੱਚ ਵੀ ਸ਼ੁਮਾਰ ਹੋਇਆ ਹੈ।
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਈਐਫ਼ਐੱਸ ਅਧਿਕਾਰੀ ਦੇਵੇਂਦਰ ਦਲਾਈ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਥਾਂ-ਥਾਂ 'ਤੇ ਏਅਰ ਕੁਆਲਿਟੀ ਮੀਟਰ ਲਗਾਏ ਗਏ ਹਨ, ਜਿਸ ਤੋਂ ਚੰਡੀਗੜ੍ਹ ਦੀ ਹਵਾ ਦੀ ਸ਼ੁੱਧਤਾ ਦੀ ਕੁਆਲਿਟੀ ਦਾ ਪਤਾ ਲੱਗਦਾ ਰਹਿੰਦਾ ਹੈ।
ਤਾਲਾਬੰਦੀ ਵਿੱਚ ਜਿੱਥੇ ਸਭ ਕੁਝ ਬੰਦ ਸੀ, ਉਦੋਂ ਚੰਡੀਗੜ੍ਹ ਦੀ ਹਵਾ ਵਿੱਚ ਉੱਚ ਪੱਧਰ ਦੀ ਸ਼ੁੱਧਤਾ ਵੇਖਣ ਨੂੰ ਮਿਲੀ ਪਰ ਲੌਕਡਾਊਨ ਖੁੱਲ੍ਹਦਿਆਂ ਹੀ ਸ਼ੁੱਧਤਾ ਗਾਇਬ ਹੋ ਗਈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਨਾਲ ਮੁਹਾਲੀ ਤੇ ਬੱਦੀ ਵਰਗੇ ਸ਼ਹਿਰ ਲੱਗਦੇ ਹਨ ਜਿਨ੍ਹਾਂ ਦੇ ਵਿੱਚ ਇੰਡਸਟਰੀਅਲ ਫੈਕਟਰੀਆਂ ਹਨ ਤੇ ਉਥੋਂ ਵੀ ਚੰਡੀਗੜ੍ਹ ਦੀ ਹਵਾ ਪ੍ਰਭਾਵਿਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਇਲਾਕੇ ਸਾਡੇ ਨਾਲ ਰਲ ਕੇ ਨਹੀਂ ਚੱਲਣਗੇ ਉਦੋਂ ਤੱਕ ਚੰਡੀਗੜ੍ਹ ਦੀ ਹਵਾ ਨੂੰ 100 ਫ਼ੀਸਦੀ ਸ਼ੁੱਧ ਰੱਖਣ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਦਲਾਈ ਨੇ ਦੱਸਿਆ ਕਿ ਚੰਡੀਗੜ੍ਹ ਦੀ ਏਅਰ ਕੁਆਲਿਟੀ ਬਾਰੇ ਏਅਰ ਕੁਆਲਿਟੀ ਵੈੱਬਸਾਈਟ 'ਤੇ ਵੀ ਦੱਸਿਆ ਜਾਂਦਾ ਹੈ ਅਤੇ ਇਸ ਬਾਬਤ ਇੱਕ ਡਰਾਫਟ ਵੀ ਬਣਾ ਕੇ ਰੱਖਿਆ ਹੋਇਆ ਹੈ ਜਿਸ ਤੋਂ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਸ਼ਹਿਰ ਵਿੱਚ ਕਿਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ ਅਤੇ ਉਸ ਨੂੰ ਠੀਕ ਕਰਨ ਦੇ ਲਈ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਸ਼ਹਿਰ ਦੀ ਆਬੋ ਹਵਾ ਹਰ ਸਾਲ ਖ਼ਰਾਬ ਹੁੰਦੀ ਜਾ ਰਹੀ ਹੈ, ਹਾਲਾਂਕਿ ਚੰਡੀਗੜ੍ਹ ਦਾ 40 ਫ਼ੀਸਦੀ ਹਿੱਸਾ ਸਿਰਫ਼ ਜੰਗਲ ਹੈ। ਚੰਡੀਗੜ੍ਹ ਦੀ ਹਵਾ ਖ਼ਰਾਬ ਹੋਣ ਦਾ ਇੱਕ ਵੱਡਾ ਕਾਰਨ ਤੇਜ਼ੀ ਨਾਲ ਵੱਧ ਰਹੀ ਜਨਸੰਖਿਆ ਤੇ ਵਾਹਨਾਂ ਦੀ ਗਿਣਤੀ ਵੀ ਹੈ। ਇਸ ਦੇ ਨਾਲ ਏਅਰ ਪ੍ਰਦੂਸ਼ਣ ਦਾ ਪੱਧਰ ਵੀ ਤੇਜ਼ੀ ਨਾਲ ਵਧਿਆ ਹੈ।
ਚੰਡੀਗੜ੍ਹ ਦੀ ਆਬੋ-ਹਵਾ ਖ਼ਰਾਬ ਹੋਣ ਦਾ ਕਾਰਨ
ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਣ ਦੀ ਮੁੱਖ ਵਜ੍ਹਾ ਵਾਹਨਾਂ ਦੀ ਵਧਦੀ ਗਿਣਤੀ ਹੈ। ਪਿਛਲੇ 10 ਸਾਲਾਂ ਵਿੱਚ ਵਾਹਨਾਂ ਦੀ ਗਿਣਤੀ ਵਿੱਚ 60 ਫ਼ੀਸਦੀ ਦਾ ਇਜ਼ਾਫਾ ਹੋਇਆ ਪਰ ਸੜਕਾਂ ਦੀ ਲੰਬਾਈ ਵਿੱਚ ਕੋਈ ਬਦਲਾਅ ਨਹੀਂ ਆਇਆ। ਪਿਛਲੇ 10 ਸਾਲਾਂ ਵਿੱਚ ਲਾਈਟ ਮੋਟਰ ਵਹੀਕਲ ਖ਼ਾਸ ਤੌਰ 'ਤੇ ਕਾਰਾਂ ਦੀ ਗਿਣਤੀ 100 ਫ਼ੀਸਦ ਤੱਕ ਵਧੀ ਹੈ, ਉੱਥੇ ਹੀ ਦੂਜੇ ਪਾਸੇ 2 ਵ੍ਹੀਲਰ ਦੀ ਗਿਣਤੀ ਵਿੱਚ ਵੀ 50 ਫ਼ੀਸਦੀ ਦਾ ਇਜ਼ਾਫ਼ਾ ਹੋਇਆ, ਜਿਸ ਕਰਕੇ ਸੜਕਾਂ 'ਤੇ ਟ੍ਰੈਫ਼ਿਕ ਵਧਿਆ ਹੈ ਅਤੇ ਨਤੀਜਾ ਇਹ ਹੋਇਆ ਕਿ ਏਅਰ ਪ੍ਰਦੂਸ਼ਣ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਪੂਰੇ ਦੇਸ਼ ਵਿੱਚ ਚੰਡੀਗੜ੍ਹ ਅਜਿਹਾ ਸ਼ਹਿਰ ਹੈ ਜਿੱਥੇ ਕੈਪਿਟਾ ਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਚੰਡੀਗੜ੍ਹ ਦੇ ਵਿੱਚ ਹਵਾ ਪ੍ਰਦੂਸ਼ਿਤ ਕਰਨ ਵਾਲੀ ਯੂਨਿਟਸ ਦੀ ਗਿਣਤੀ ਕਾਫ਼ੀ ਘੱਟ ਹੈ। ਸ਼ਹਿਰ ਵਿੱਚ ਸਿਰਫ਼ 2 ਬਾਇਓ ਮੈਡੀਕਲ ਵੇਸਟ ਇਨਸੀਨੇਟਰ ਹੀ ਮੌਜੂਦ ਹਨ। ਛੋਟੇ ਸਕੇਲ 'ਤੇ ਇੱਥੇ 32 ਫਾਊਂਡਰੀਜ਼ ਮੌਜੂਦ ਹਨ।
ਪੰਜਾਬ ਵੱਲੋਂ ਚੰਡੀਗੜ੍ਹ ਦੇ ਬਾਰਡਰ 'ਤੇ ਕੁਝ ਇੱਟਾਂ ਦੇ ਭੱਟੇ ਮੌਜੂਦ ਹਨ। ਚੰਡੀਗੜ੍ਹ ਦੇ ਨਜ਼ਦੀਕ ਹੋਣ ਦੇ ਨਾਲ ਪੰਜਾਬ ਦੇ ਮੋਹਾਲੀ ਦੇ ਇੰਡਸਟਰੀਅਲ ਏਰੀਆ ਅਤੇ ਬੱਦੀ ਦੀਆਂ ਫੈਕਟਰੀਆਂ ਦਾ ਵੀ ਅਸਰ ਚੰਡੀਗੜ੍ਹ ਦੀ ਹਵਾ 'ਤੇ ਪੈਂਦਾ ਹੈ।
ਹਾਰਟੀਕਲਚਰ ਵੇਸਟ
ਹਵਾ ਪ੍ਰਦੂਸ਼ਣ ਵਧਾਉਣ ਦੇ ਲਈ ਦਰਖਤਾਂ ਤੋਂ ਡਿੱਗੇ ਹੋਏ ਫੱਲ ਅਤੇ ਪੱਤੇ ਵੀ ਇਸ ਦਾ ਕਾਰਨ ਹਨ। ਇਸ 'ਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ ਤੇ ਵਾਹਨਾਂ ਦੇ ਟਾਇਰਾਂ ਥੱਲ੍ਹੇ ਦੱਬਣ ਦੇ ਨਾਲ ਇਹ ਛੋਟੇ-ਛੋਟੇ ਕਣਾਂ ਵਿੱਚ ਬਦਲ ਜਾਂਦੇ ਹਨ ਤੇ ਫਿਰ ਹਵਾ ਵਿੱਚ ਘੁਲ ਜਾਂਦੇ ਹਨ।
ਬਾਇਓਮਾਸ ਬਰਨਿੰਗ
ਉੱਤਰੀ ਭਾਰਤ ਦੀਆਂ ਫ਼ਸਲਾਂ ਦੇ ਸੜਨ ਨਾਲ ਧੂੰਆਂ ਹਵਾ ਵਿੱਚ ਘੁੱਲ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਆਰਐੱਸਪੀਐੱਮ ਦੀ ਗਿਣਤੀ ਕਾਫ਼ੀ ਜਲਦੀ ਵੱਧ ਰਹੀ ਹੈ ਜੋ ਕਿ ਸਿਹਤ ਦੇ ਲਈ ਨੁਕਸਾਨ ਦਾਇਕ ਹੈ। ਪੰਜਾਬ ਅਤੇ ਹਰਿਆਣਾ ਦੀਆਂ ਮੁੱਖ ਫ਼ਸਲਾਂ ਦੇ ਦੋ ਸੀਜ਼ਨ ਹੁੰਦੇ ਨੇ ਫ਼ਸਲ ਕੱਟਣ ਤੋਂ ਬਾਅਦ ਜ਼ਿਆਦਾਤਰ ਕਿਸਾਨ ਖੇਤਾਂ ਨੂੰ ਸਾਫ ਕਰਨ ਦੇ ਲਈ ਬਚੇ ਹੋਏ ਕੂੜੇ ਨੂੰ ਅੱਗ ਲਗਾ ਦਿੰਦੇ ਹਨ। ਚੰਡੀਗੜ੍ਹ ਵਿੱਚ ਕੁਝ ਸਫ਼ਾਈ ਕਰਮੀਆਂ ਦੇ ਵੱਲੋਂ ਪੱਤਝੜ ਦੇ ਸੀਜ਼ਨ ਦੇ ਵਿੱਚ ਪੱਤਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜੋ ਕਿ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੀ ਹੈ।