ਚੰਡੀਗੜ੍ਹ: ਸ਼ਰਾਬ 'ਤੇ ਲਗਾਏ ਗਏ ਕੋਵਿਡ ਸੈੱਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸੈੱਸ ਦਾ ਵੀ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਦੀ ਇੰਡਸਟਰੀ ਵਿੱਚੋਂ ਨਾਜਾਇਜ਼ ਸ਼ਰਾਬ ਦੇ ਟਰੱਕ ਲਗਾਤਾਰ ਫੜੇ ਜਾ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਨਾਲ ਰੈਵੇਨਿਊ ਉੱਪਰ ਭਾਰ ਪੈ ਰਿਹਾ ਹੈ।
ਦਲਜੀਤ ਚੀਮਾ ਮੁਤਾਬਕ ਇੰਡਸਟਰੀਆਂ ਤੋਂ ਸ਼ਰਾਬ ਸਿੱਧਾ ਠੇਕਿਆਂ 'ਤੇ ਜਾ ਰਹੀ ਹੈ। ਇਸ ਕਾਰਨ ਆਬਕਾਰੀ ਵਿਭਾਗ ਨੂੰ ਕਰੋੜਾਂ ਦਾ ਚੂਨਾ ਹੁਣ ਤੱਕ ਲੱਗ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਹਿੰਗੀ ਹੋਣ ਕਾਰਨ ਇਸ ਦਾ ਸਿੱਧਾ ਫਾਇਦਾ ਵੀ ਇੰਡਸਟਰੀ ਮਾਲਕਾਂ ਨੂੰ ਹੀ ਹੋਣਾ ਹੈ ਕਿਉਂਕਿ ਇੰਡਸਟਰੀਆਂ ਤੋਂ ਬਿਨਾਂ ਬਿੱਲ ਕੱਟੇ, ਸ਼ਰਾਬ ਠੇਕਿਆਂ 'ਤੇ ਪਹੁੰਚ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੂਨ ਤੋਂ ਸ਼ਰਾਬ ਉੱਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਸੂਬੇ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ 145 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ। ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਕਾਂਗਰਸ ਵਿਰੁੱਧ ਕਾਫ਼ੀ ਨਿਸ਼ਾਨੇ ਸਾਧੇ ਜਾ ਰਹੇ ਹਨ।