ਚੰਡੀਗੜ੍ਹ: ਦਲਿਤ ਸਕਾਲਰਸ਼ਿਪ ਘੋਟਾਲਾ ਮਾਮਲੇ 'ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿੱਤ ਕਮਿਸ਼ਨ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਰਕਮ ਦਾ ਭੁਗਤਾਨ ਡੀਬੀਟੀ ਰਾਹੀਂ ਕੀਤਾ ਜਾਵੇਗਾ। ਪਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪਹਿਲਾਂ ਕਰੋੜਾਂ ਰੁਪਏ ਬੈਂਕ 'ਚ ਲੈ ਜਾਏ ਗਏ ਤੇ ਫਿਰ ਉਸ ਤੋਂ ਬਾਅਦ ਭ੍ਰਸ਼ਟ ਕਾਲਜਾਂ ਵਿੱਚ ਪੈਸੇ ਟਰਾਂਸਫਰ ਕਰ ਘਪਲਾ ਕੀਤਾ ਗਿਆ। ਇਸ ਦੇ ਉਲਟ ਸਰਕਾਰ ਇਹ ਕਹਿੰਦੀ ਨਜ਼ਰ ਆਈ ਸੀ ਕਿ ਘੋਟਾਲੇ ਕਰਨ ਵਾਲੇ ਕਾਲਜਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਬੈਂਸ ਨੇ ਸਾਧੂ ਸਿੰਘ ਧਰਮਸੋਤ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਮੰਤਰੀ ਸਾਹਿਬ ਕਹਿ ਰਹੇ ਹਨ ਕਿ ਉਹ ਸੱਚੇ ਹਨ ਤਾਂ ਉਹ ਲਿਖ ਕੇ ਦੇਣ ਕਿ ਉਨ੍ਹਾਂ ਨੂੰ ਮਾਮਲੇ 'ਤੇ ਸੀਬੀਆਈ ਜਾਂਚ ਚਾਹੀਦੀ ਹੈ। ਸੀਬੀਆਈ ਜਾਂਚ ਨਾਲ ਸਭ ਸਾਫ਼ ਹੋ ਜਾਵੇਗੀ ਕਿ ਅਸਲ ਦੋਸ਼ੀ ਕੌਣ ਹਨ।
ਬੈਂਸ ਨੇ ਕਿਹਾ ਕਿ ਚੀਫ ਸੈਕਟਰੀ ਕਰਨ ਅਵਤਾਰ ਦੀ ਅਗਵਾਈ ਵਿੱਚ ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ ਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਡਿਪਟੀ ਡਾਇਰੈਕਟਰ ਨੂੰ ਬਹਾਲ ਕਰਵਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਕਮਿਆਂ ਦੇ ਵਿੱਚ ਵੱਡੇ-ਵੱਡੇ ਘੋਟਾਲੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਕਿਸੇ ਵੀ ਘੋਟਾਲੇ ਦੀ ਕਾਰਵਾਈ 'ਚ ਕੁਝ ਸਾਹਮਣੇ ਨਹੀਂ ਆਇਆ ਹੈ।
ਸ਼ਰਾਬ ਮਾਫੀਆ 'ਤੇ ਲਗਾਮ ਲਗਾਉਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖ਼ਤੀ ਕਰਨ ਦੇ ਐਲਾਨ 'ਤੇ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਸਖ਼ਤੀ ਕਰਨੀ ਹੁੰਦੀ ਤਾਂ ਸੂਬੇ ਵਿੱਚ ਐਕਸਾਈਜ਼ ਵਿਭਾਗ ਨੂੰ ਇੰਨਾ ਵੱਡਾ ਚੂਨਾ ਨਾ ਲਗਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੋਰੋਨਾ ਦੇ ਨਾਂਅ 'ਤੇ ਸਿਰਫ਼ ਅਗਲੀ ਸਰਕਾਰ ਬਣਾਉਣ ਦਾ ਰਾਹ ਲੱਭ ਰਹੀ ਹੈ।