ਚੰਡੀਗੜ੍ਹ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ, ਇਸ ਦੇ ਚੱਲਦੇ ਭਾਰਤ ਦੀ ਵੇਟਲਿਫਟਰ ਹਰਜਿੰਦਰ ਕੌਰ ਵੱਲੋਂ ਕਾਂਸੀ ਤਗ਼ਮਾ ਜਿੱਤਿਆ ਗਿਆ ਹੈ। ਇਸ ਨੂੰ ਲੈ ਕੇ ਦੇਸ਼ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂੂਬੇ ਦੇ ਮੁਖ ਮੰਤਕੀ ਭਗਵੰਤ ਮਾਨ ਵੱਲੋਂ ਮੁਬਾਰਕਾਂ ਦਿੱਤੀ ਜਾ ਰਹੀਆਂ ਹਨ। ਵੇਟਲਿਫਟਰ ਹਰਜਿੰਦਰ ਕੌਰ ਦੀ ਜਿੱਤ 'ਤੇ ਪਿੰਡ 'ਚ ਹੀ ਨਹੀਂ ਸਗੋਂ ਪੰਜਾਬ ਸਮੇਤ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ।
ਇੰਝ ਬਣੀ ਹਰਜਿੰਦਰ ਕੌਰ ਵੇਟਲਿਫਟਰ: ਜੇਕਰ ਵੇਟਲਿਫਟਰ ਹਰਜਿੰਦਰ ਕੌਰ ਦੀ ਜਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇਸ ਸਫਲਤਾ ਦੇ ਪਿੱਛੇ ਦੀ ਕਹਾਣੀ ਸੰਘਰਸ਼ ਨਾਲ ਭਰੀ ਹੋਈ ਹੈ। ਦੱਸ ਦਈਏ ਕਿ ਵੇਟਲਿਫਟਰ ਹਰਜਿੰਦਰ ਕੌਰ ਨਾਭਾ ਦੇ ਪਿੰਡ ਮਹੇਸ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਪਰਿਵਾਰ ਇੱਕ ਮਕਾਨ ’ਚ ਰਹਿੰਦਾ ਹੈ। ਹਰਜਿੰਦਰ ਖੁਦ ਪਸ਼ੂਆਂ ਦੇ ਲਈ ਚਾਰਾ ਕੱਟਣ ਵਾਲੀ ਮਸੀਨ ਚਲਾਉਂਦੀ ਰਹੀ ਹੈ ਜਿਸ ਤੋਂ ਬਾਅਦ ਉਸਦੇ ਹੱਥ ਇੰਨ੍ਹੇ ਜਿਆਦਾ ਮਜ਼ਬੂਤ ਹੋ ਗਏ ਕਿ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਦੇ ਘਰ 6 ਮੱਝਾਂ ਪਾਲੀ ਹੋਈਆਂ ਸੀ।
ਕੱਬਡੀ ਤੋਂ ਕੀਤੀ ਸੀ ਸ਼ੁਰੂਆਤ: ਦੱਸ ਦਈਏ ਕਿ ਹਰਜਿੰਦਰ ਕੌਰ ਨਾਭਾ ਦੇ ਸਰਕਾਰੀ ਗਰਲਜ਼ ਸਕੂਲ ਤੋਂ ਪੜਾਈ ਕੀਤੀ ਹੈ। ਉਨ੍ਹਾਂ ਦੀ ਖੇਡਾਂ ਚ ਸ਼ੁਰੂਆਤ ਕੱਬਡੀ ਤੋਂ ਹੋਈ ਸੀ। ਕੱਬਡੀ ਖੇਡਣ ਦੇ ਲਈ ਵੀ ਉਹ 5 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਜਾਂਦੀ ਹੁੰਦੀ ਸੀ। ਉਨ੍ਹਾਂ ਨੇ ਆਪਣੀ ਅੱਗੇ ਦੀ ਪੜਾਈ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤੀ।
ਕੋਚ ਨੇ ਕੀਤਾ ਪ੍ਰੇਰਿਤ: ਦੱਸ ਦਈਏ ਕਿ ਹੌਲੀ ਹੌਲੀ ਹਰਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੇਡ ਵਿੰਗ ਵਿੱਚ ਸ਼ਾਮਲ ਹੋ ਗਈ। ਇੱਥੇ ਕੋਚ ਪਰਮਜੀਤ ਸ਼ਰਮਾ ਨੇ ਹਰਜਿੰਦਰ ਦੀ ਪ੍ਰਤਿਭਾ ਨੂੰ ਪਛਾਣਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਵੇਟਲਿਫਟਿੰਗ ਕਰਨ ਲਈ ਪ੍ਰੇਰਿਤ ਕੀਤਾ।
ਭਰਾ ਨੇ ਕੀਤੀ ਮਦਦ: ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਹਰਜਿੰਦਰ ਕੌਰ ਨੇ ਇੱਥੇ ਤੱਕ ਪਹੁੰਚਣ ਦੇ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨੂੰ ਹਰਜਿੰਦਰ ਕੌਰ ਨੂੰ ਅੱਗੇ ਭੇਜਣ ਦੇ ਲਈ ਉਧਾਰ ਲਿਆ ਹੋਇਆ ਸੀ। ਹਰਜਿੰਦਰ ਕੌਰ ਦੇ ਭਰਾ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ।
ਕੋਚ ਦੇ ਘਰ ਵੀ ਕੀਤੀ ਪ੍ਰੈਕਟਿਸ: ਕੋਚ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਲਾਕਡਾਊਨ ਲੱਗ ਗਿਆ ਤਾਂ ਹਰਜਿੰਦਰ ਕੌਰ ਨੇ ਉਨ੍ਹਾਂ ਦੇ ਘਰ ਚ ਰਹਿ ਕੇ ਪ੍ਰੈਕਟਿਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਸਦੀ ਖੂੂਬ ਮਦਦ ਕੀਤੀ। ਅੱਜ ਉਸ ਨੇ ਜੋ ਮੁਕਾਮ ਹਾਸਿਲ ਕੀਤਾ ਹੈ ਉਸ ’ਤੇ ਸਾਰਿਆਂ ਨੂ ਮਾਣ ਹੈ।
ਪਰਿਵਾਰ ਚ ਖੁਸ਼ੀ ਦੀ ਲਹਿਰ: ਇਸ ਜਿੱਤ ’ਤੇ ਹਰਜਿੰਦਰ ਕੌਰ ਦੇ ਭਰਾ ਪ੍ਰਿਤਪਾਲ ਸਿੰਘ ਅਤੇ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਜੋ ਅੱਜ ਬੱਚੀ ਨੇ ਐਨਾ ਵੱਡਾ ਮੁਕਾਮ ਹਾਸਲ ਕੀਤਾ ਹੈ, ਕਿਉਂਕਿ ਉਸਨੇ ਗ਼ਰੀਬੀ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬੀ ਦੇ ਮਾਹੌਲ ਵਿੱਚੋਂ ਉੱਠ ਕੇ ਅਸੀਂ ਆਪਣੀ ਮਿਹਨਤ ਦੇ ਸਦਕਾ ਇਸ ਮੁਕਾਮ ’ਤੇ ਉਸਨੂੰ ਪਹੁੰਚਾਇਆ ਹੈ ਪਰ ਸਰਕਾਰਾਂ ਵੱਲੋਂ ਸਾਡੀ ਕੋਈ ਸਹਾਇਤਾ ਨਹੀਂ ਕੀਤੀ ਗਈ।
71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ: ਕਾਬਿਲੇਗੌਰ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਐਥਲੀਟਾਂ ਦੀ ਸ਼ਾਨਦਾਰ ਦੌੜ ਨੂੰ ਜਾਰੀ ਰੱਖਦੇ ਹੋਏ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਸੋਮਵਾਰ ਨੂੰ ਇੱਥੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 212 ਕਿਲੋ ਭਾਰ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਈਵੈਂਟ ਦਾ ਸੋਨ ਤਗ਼ਮਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ।
ਇਹ ਵੀ ਪੜੋ: ਪੰਜਾਬ ਦੀ ਮੈਡਲ ਖਿਡਾਰਨ ਹਰਜਿੰਦਰ ਕੌਰ ਨੂੰ PM ਵਲੋਂ ਵਧਾਈ, CM ਮਾਨ ਨੇ ਐਲਾਨੀ ਇਨਾਮੀ ਰਾਸ਼ੀ