ਚੰਡੀਗੜ੍ਹ : ਸ਼ਹਿਰ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਰਿਹਾ ਹੈ। ਰੋਜ਼ਾਨਾਂ ਨਵੇਂ ਕੇਸਾਂ ਦੀ ਗਿਣਤੀ ਵੱਧਣ ਦੇ ਚਲਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਘਰਾਂ 'ਚ ਕੁਆਰੰਟੀਨ ਹੋਏ ਕੋਰੋਨਾ ਮਰੀਜ਼ਾਂ ਲਈ ਵਿਸ਼ੇਸ਼ ਕੋਵਿਡ ਹੈਲਪ ਡੈਸਕ ਸ਼ੁਰੂ ਕੀਤਾ ਹੈ। ਇਹ ਹੈਲਪ ਡੈਸਕ ਚੰਡੀਗੜ੍ਹ ਦੇ ਹਾਊਸਿੰਗ ਬੋਰਡ ਵਿੱਖੇ ਸ਼ੁਰੂ ਕੀਤਾ ਗਿਆ ਹੈ। ਇਹ ਹੈਲਪ ਡੈਸਕ ਕੋਰੋਨਾ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ, ਡਾਕਟਰੀ ਸਹਾਇਤਾ ਆਦਿ ਮੁਹੱਈਆ ਕਰਵਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਹੈਲਪ ਡੈਸਕ ਦੇ ਮੁਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਦੱਸਿਆ ਕਿ ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਜਿਸ ਕਾਰਨ ਸਾਰੇ ਹੀ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਨਾ ਮੁਸ਼ਕਲ ਹੈ। ਜਿਸ ਦੇ ਚਲਦੇ ਇੱਕ ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ। ਘਰਾਂ 'ਚ ਕੁਆਰੰਟੀਨ ਮਰੀਜ਼ਾਂ ਦੀ ਸਹਾਇਤਾ ਲਈ ਕੋਵਿਡ ਹੈਲਪ ਡੈਸਕ ਲਗਾਤਾਰ ਹਫ਼ਤੇ ਦੇ ਸੱਤ ਦਿਨ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹੈਲਪ ਡੈਸਕ ਟੀਮ ਵੱਲੋਂ ਰੋਜ਼ਾਨਾ ਕੋਰੋਨਾ ਮਰੀਜ਼ਾਂ ਬਾਰੇ ਅਪਡੇਟ ਲਿਆ ਜਾਂਦਾ ਹੈ। ਮੈਡੀਕਲ ਸੁਵਿਧਾਵਾਂ, ਡਾਕਟਰੀ ਸਹਾਇਤਾ, ਐਂਬੂਲੈਂਸ ਸਹਾਇਤਾ ਸਬੰਧੀ ਮਰੀਜ਼ਾਂ ਦੀ ਮਦਦ ਕੀਤੀ ਜਾਂਦੀ ਹੈ। ਜੇਕਰ ਕਿਸੇ ਮਰੀਜ਼ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਡਾਕਟਰੀ ਟੀਮ ਉਸ ਨਾਲ ਸੰਪਰਕ ਕਰਕੇ ਲੋੜੀਂਦਾ ਦਵਾਈਆਂ ਮੁਹੱਇਆ ਕਰਵਾਉਂਦੀ ਹੈ।
ਯਸ਼ਪਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਮਰੀਜ਼ਾਂ ਨਾਲ ਸੰਪਰਕ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਪ ਡੈਸਕ ਮਹਿਜ਼ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਸਮੇਂ ਰਹਿੰਦੇ ਉਨ੍ਹਾਂ ਨੂੰ ਘਰ ਬੈਠੇ ਸਿਹਤ ਸੁਵਿਧਾਵਾਂ ਪਹੁੰਚਾ ਕੇ ਵੱਧ ਤੋਂ ਵੱਧ ਜਾਨਾਂ ਬਚਾਇਆਂ ਜਾ ਸਕਣ।