ਚੰਡੀਗੜ੍ਹ: ਦੇਸ਼ ਭਰ ਵਿੱਚ ਮੌਨਸੂਨ ਪਹੁੰਚ ਚੁੱਕਿਆ ਹੈ ਇਸ ਦੇ ਨਾਲ ਹੀ ਕਿਤੇ-ਕਿਤੇ ਬਾਰਿਸ਼ ਵੀ ਸ਼ੁਰੂ ਹੋ ਗਈ ਹੈ, ਜਿਸ ਦੇ ਨਾਲ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਅੱਜ ਕੱਲ੍ਹ ਕਰੋਨਾ ਮਹਾਂਮਾਰੀ ਦੇ ਖ਼ਤਰੇ ਨੂੰ ਵੇਖਦੇ ਹੋਏ ਵੀ ਇਸ ਦੇ ਵਾਸਤੇ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਬਾਬਤ, ਪੀਜੀਆਈ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਪ੍ਰੋਫੈਸਰ ਅਰੁਣ ਕੇ ਅਗਰਵਾਲ ਨਾਲ ਖ਼ਾਸ ਗੱਲਬਾਤ ਕੀਤੀ। ਡਾਕਟਰ ਅਗਰਵਾਲ ਨੇ ਦੱਸਿਆ ਕਿ ਮੌਨਸੂਨ ਦੇ ਵਿੱਚ ਵਾਇਰਲ ਬੁਖ਼ਾਰ ਖਾਂਸੀ ਅਤੇ ਜ਼ੁਕਾਮ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਇਹ ਲੱਛਣ ਕੋਰੋਨਾ ਵਾਇਰਸ ਦੇ ਨਾਲ ਵੀ ਮਿਲਦੇ ਜੁਲਦੇ ਹਨ, ਇਸ ਕਰਕੇ ਮੌਨਸੂਨ ਦੇ ਵਿੱਚ ਆਪਣਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜੇ ਤੁਸੀਂ ਇਨ੍ਹਾਂ ਲੱਛਣਾਂ ਦੇ ਨਾਲ ਪੀੜਤ ਹੋ ਤਾਂ ਇਸ ਨੂੰ ਮੌਨਸੂਨ ਸਬੰਧੀ ਵਾਇਰਲ ਸਮਝ ਕੇ ਹਲਕੇ ਵਿੱਚ ਨਾ ਲਿਆ ਜਾਵੇ ਸਗੋਂ ਆਪਣੇ ਡਾਕਟਰ ਦੇ ਨਾਲ ਇਸ ਬਾਰੇ ਗੱਲਬਾਤ ਕਰਕੇ ਮੌਕੇ 'ਤੇ ਦਵਾਈ ਲਈ ਜਾਵੇ। ਡਾਕਟਰ ਅਗਰਵਾਲ ਨੇ ਕਿਹਾ ਕਿ ਹਾਂ ਜੇ ਤੁਹਾਨੂੰ ਬੁਖ਼ਾਰ ਜਾਂ ਖਾਂਸੀ ਹੈ ਤਾਂ ਤੁਸੀਂ ਪੈਰਾਸਿਟਾਮੋਲ ਵਰਗੀ ਟੈਬਲੇਟ ਲੈ ਸਕਦੇ ਹੋ ਪਰ ਇਸ ਦੀ ਜਾਣਕਾਰੀ ਤੁਹਾਡੇ ਡਾਕਟਰ ਨੂੰ ਹੋਣੀ ਲਾਜ਼ਮੀ ਹੈ।
ਡਾਕਟਰ ਅਗਰਵਾਲ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਕੋਰੋਨਾ ਦੇ ਦੌਰਾਨ ਕਾਫ਼ੀ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਦਾ ਇਮਿਊਨਿਟੀ ਸਿਸਟਮ ਉਮਰ ਦੇ ਹਿਸਾਬ ਨਾਲ ਕਮਜ਼ੋਰ ਹੈ ਜੋ ਕਿ ਘਾਤਕ ਸਿੱਧ ਹੋ ਸਕਦਾ ਹੈ।