ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਫੈਲਣ ਦੇ ਨਾਲ ਜੁੜੇ ਕਈ ਮਿਥਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਖ਼ੂਬ ਫ਼ੈਲ ਰਹੇ ਹਨ, ਜਿਸ ਵਿੱਚ ਇਹ ਸਭ ਤੋਂ ਪਹਿਲੇ ਕਿਹਾ ਜਾ ਰਿਹਾ ਹੈ ਕਿ ਗਰਮੀ ਦਾ ਮੌਸਮ ਨੋਬਲ ਕੋਰੋਨਾ ਵਾਇਰਸ ਨੂੰ ਖਤਮ ਕਰ ਸਕਦਾ ਹੈ। ਹਾਲਾਂਕਿ ਦੱਸ ਦਈਏ ਇਸਦੇ ਉਪਰ ਕੋਈ ਵਿਗਿਆਨਕ ਰਿਸਰਚ ਸਾਹਮਣੇ ਨਹੀਂ ਆਈ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵਿਗਿਆਨਿਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸਦੀ ਪੁਸ਼ਟੀ ਨਹੀਂ ਕੀਤੀ।
ਗਰਮੀਆਂ ਸ਼ੁਰੂ ਹੋ ਰਹੀਆਂ ਹਨ, ਧੁੱਪ ਵਿੱਚ ਗਰਮੀ ਦਾ ਅਹਿਸਾਸ ਹੁੰਦਾ ਹੈ ਪਰ ਜੇਕਰ ਗੱਲ ਕਰੀਏ ਰਾਤ ਅਤੇ ਸਵੇਰੇ ਦੀ ਤਾਂ ਠੰਡੀਆਂ ਹਵਾਵਾਂ ਚੱਲਦੀਆਂ ਹਨ। ਮੌਸਮ ਦੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨਿਕ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ 'ਚ ਹਲਕੀ ਬਾਰਿਸ਼ ਉੱਤਰ ਭਾਰਤ ਦੇ ਵਿੱਚ ਹੋ ਸਕਦੀ ਹੈ, ਜਿਸ ਕਰਕੇ ਦੁਪਹਿਰ ਦੇ ਤਾਪਮਾਨ ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਵੈਸਟਰਨ ਡਿਸਟਰਬੈਂਸ ਕਰਕੇ ਹੋਵੇਗੀ। ਜਾਣਕਾਰੀ ਦੇ ਮੁਤਾਬਿਕ ਹਾਲੇ ਗਰਮੀ ਦਾ ਮੌਸਮ ਆਉਣ ਵਿੱਚ ਸਮੇਂ ਹੈ।
ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ 5 ਦਿਨਾਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਗੜ੍ਹੇ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।