ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 331 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1102 ਹੋ ਗਈ ਹੈ। ਫ਼ਿਰੋਜ਼ਪੁਰ ਵਿੱਚ ਕੋਰੋਨਾ ਪੀੜਤ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਿਸ ਨਾਲ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।
ਇਨ੍ਹਾਂ 331 ਨਵੇਂ ਮਾਮਲਿਆਂ ਵਿੱਚੋਂ 2 ਮੋਹਾਲੀ, 4 ਫ਼ਤਿਹਗੜ੍ਹ ਸਾਹਿਬ, 1 ਪਟਿਆਲਾ, 4 ਜਲੰਧਰ, 16 ਲੁਧਿਆਣਾ, 2 ਫ਼ਿਰੋਜ਼ਪੁਰ, 1 ਮੋਗਾ, 4 ਸੰਗਰੂਰ, 46 ਹੁਸ਼ਿਆਰਪੁਰ, 3 ਮਾਨਸਾ, 2 ਬਰਨਾਲਾ, 62 ਨਵਾਂਸ਼ਹਿਰ, ਫ਼ਿਰੋਜ਼ਪੁਰ, 43 ਮੁਕਤਸਰ, 24 ਗੁਰਦਾਸਪੁਰ, 33 ਬਠਿੰਡਾ ਅਤੇ 75 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਇਨ੍ਹਾਂ 102 ਮਰੀਜ਼ਾਂ ਵਿੱਚੋਂ 117 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 964 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 26439 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 20197 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 5140 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 124, ਮੋਹਾਲੀ ਵਿੱਚ 95, ਪਟਿਆਲਾ ਵਿੱਚ 86, ਪਠਾਨਕੋਟ ਵਿੱਚ 25, ਨਵਾਂਸ਼ਹਿਰ ਵਿੱਚ 85, ਲੁਧਿਆਣਾ ਵਿੱਚ 111, ਅੰਮ੍ਰਿਤਸਰ ਵਿੱਚ 218, ਮਾਨਸਾ ਵਿੱਚ 16, ਹੁਸ਼ਿਆਰਪੁਰ ਵਿੱਚ 88, ਤਰਨ ਤਾਰਨ ਵਿੱਚ 14, ਮੋਗਾ ਵਿੱਚ 28, ਰੋਪੜ ਵਿੱਚ 14, ਕਪੂਰਥਲਾ ਵਿੱਚ 13, ਸੰਗਰੂਰ ਵਿੱਚ 11, ਫ਼ਰੀਦਕੋਟ ਵਿੱਚ 6, ਫ਼ਤਿਹਗੜ੍ਹ ਸਾਹਿਬ ਵਿੱਚ 3, ਬਰਨਾਲਾ ਵਿੱਚ 4, ਬਠਿੰਡਾ ਵਿੱਚ 35, ਮੁਕਤਸਰ ਸਾਹਿਬ ਵਿੱਚ 50, ਗੁਰਦਾਸਪੁਰ ਵਿੱਚ 30, ਫਾਜ਼ਿਲਕਾ ਵਿੱਚ 4 ਅਤੇ ਫ਼ਿਰੋਜ਼ਪੁਰ ਵਿੱਚ 29 ਕੋਰੋਨਾ ਪੌਜ਼ੀਟਿਵ ਕੇਸ ਹਨ।