ਚੰਡੀਗੜ੍ਹ: ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਨਗਰ ਕੌਂਸਲ ਚੋਣਾਂ ਦਾ ਮੁੱਦਾ ਭਖਿਆ ਹੋਇਆ ਹੈ। ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕ ਕਿਸਾਨੀ ਅੰਦੋਲਨ 'ਚ ਹਨ ਤੇ ਦੂਜੇ ਹੱਥ 14 ਫਰਵਰੀ ਨੂੰ ਪੰਜਾਬ 'ਚ ਨਗਰ ਕੌਂਸਲ ਦੀ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਨਾਮਜ਼ਦਗੀ ਭਰਨ ਦਾ ਆਖਿਰੀ ਦਿਨ ਹੈ।
ਵੋਟਰਾਂ ਨੂੰ ਲੁਭਾਉਣ ਦੀ ਹਰ ਸੰਭਵ ਕੋਸ਼ਿਸ਼
ਉਮੀਦਵਾਰ ਆਪਣੇ ਵੋਟਰਾਂ ਨੂੰ ਲੁਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਚੋਣ ਵਾਅਦੇ ਵੀ ਕੀਤੇ ਜਾ ਰਹੇ ਹਨ ਤੇ ਵਿਕਾਸ ਨੂੰ ਤਰਜੀਹ ਦੇਣ ਦੀ ਗੱਲਾਂ ਵੀ ਹੋ ਰਹੀਆਂ ਹਨ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਚੋਣ ਵਾਅਦੇ ਪੂਰੇ ਹੁੰਦੇ ਜਾਂ ਜੁਮਲੇ ਬਣ ਕੇ ਰਹਿ ਜਾਂਦੇ ਹਨ।
ਸਿਆਸਤ ਭਖਦੀ ਜਾ ਰਹੀ ਹੈ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਜਿੱਥੇ ਵਿਰੋਧੀ ਧਿਰਾਂ 'ਤੇ ਸ਼ਬਦੀ ਹਮਲੇ ਹੋ ਰਹੇ ਹਨ ਉੱਥੇ ਆਪਸੀ ਝੜਪਾਂ ਦੀ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਜਲਾਲਾਬਾਦ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰ 'ਤੇ ਹਮਲਾ ਹੋਇਆ ਹੈ। ਇਸ ਹਮਲੇ 'ਚ ਸੁਖਬੀਰ ਬਾਦਲ ਬਾਲ ਬਾਲ ਬਚ ਗਏ ਜਦੋਂ ਕਿ 4 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਇਆ। ਇਸ ਤੋਂ ਇਲਾਵਾ ਤਰਨ ਤਾਰਨ 'ਚ ਵੀ ਅਕਾਲੀ ਆਗੂ ਤੇ ਕਾਂਗਰਸ ਦੇ ਆਗੂ 'ਚ ਝੜਪ ਹੋਈ ਤੇ ਗੋਲੀਆਂ ਵੀ ਚੱਲੀਆਂ।
ਪੂਰੀ ਪ੍ਰਕਿਰਿਆ
- ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
- ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 5:00 ਵਜੇ ਤੱਕ ਕੀਤਾ ਜਾ ਸਕੇਗਾ।
- ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
- ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ।
- ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 30 ਆਈ.ਏ.ਐਸ./ਪੀ.ਸੀ.ਐਸ. ਨੂੰ ਚੋਣ ਅਬਜਰਵਰ ਅਤੇ 6 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਅਬਜਰਵਰ ਲਗਾਏ ਗਏ ਹਨ।
- ਸੂਬੇ ਵਿੱਚ 08 ਨਗਰ ਨਿਗਮਾਂ ਲਈ 400 ਅਤੇ 109 ਨਗਰ ਕੌਂਸਲਾਂ / ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ।