ਚੰਡੀਗੜ੍ਹ: ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪਾਰਟੀ 'ਚ ਬਗਾਵਤੀ ਸੁਰ ਤੇਜ਼ ਹੋ ਗਏ ਹਨ। ਜਲਾਲਾਬਾਦ ਤੋਂ ਆਲ਼ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਅਹੁਦੇ ਅਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦਾ ਕਾਰਨ ਉਨ੍ਹਾਂ ਜਲਾਲਾਬਾਦ ਤੋਂ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨਾ ਦੱਸਿਆ ਹੈ।
ਗੋਲਡੀ ਕੰਬੋਜ ਨੇ ਆਪਣੇ ਅਸਤੀਫੇ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਅਤੇ ਲਿਖਿਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨ੍ਹਾਂ ਨੂੰ ਠੇਸ ਪਹੁੰਚਦੀ ਹੈ। ਗੋਲਡੀ ਨੇ ਲਿਖਿਆ ਕਿ ਸਰਮਾਏਦਾਰ ਅਤੇ ਪਾਰਟੀ 'ਚ ਬੈਠੀਆਂ ਪਾਰਟੀ ਵਿਰੋਧੀ ਤਾਕਤਾਂ ਜਾਇਜ਼ ਮੁਕਾਮ ਤੱਕ ਪੁੱਜਣ ਨਹੀ ਦਿੰਦਿਆਂ।
ਦੱਸ ਦਈਏ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਫ਼ਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਲਈ ਸੋਮਵਾਰ ਨੂੰ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਫ਼ਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਮੁਕੇਰੀਆਂ ਤੋਂ ਇੰਦੂ ਬਾਲਾ, ਦਾਖਾ ਤੋਂ ਸੰਦੀਪ ਸਿੰਘ ਸੰਧੂ, ਜਲਾਲਾਬਾਦ ਤੋਂ ਰਮਿੰਦਰ ਅਵਲਾ ਇਨ੍ਹਾਂ ਸੀਟਾਂ ਤੋਂ ਉਮੀਦਵਾਰ ਹੋਣਗੇ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ ਗਈ ਸੀ।