ਚੰਡੀਗੜ੍ਹ: ਭਲਕੇ ਸ਼ੁੱਕਰਵਾਰ ਨੂੰ ਹੋਣ ਜਾ ਰਹੇ ਇੱਕ ਰੋਜਾ ਪੰਜਾਬ ਵਿਧਾਨ ਸਭਾ ਵਿੱਚ ਹਾਜਰੀ ਯਕੀਨੀ ਬਣਾਉਣ ਲਈ ਪੰਜਾਬ ਕਾਂਗਰਸ ਦੇ ਚੀਫ ਵਹਿੱਪ ਵਿਧਾਇਕ ਹਰਦਿਆਲ ਕੰਬੋਜ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਆਪਣੇ-ਆਪਣੇ ਵਿਧਾਇਕਾਂ ਨੂੰ ਵਹਿੱਪ ਜਾਰੀ ਕਰਕੇ ਸਾਰੀਆਂ ਸਿਟਿੰਗਾਂ ‘ਚ ਹਾਜਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਵਹਿੱਪ ਜਾਰੀ ਕਰਕੇ ਵਿਧਾਇਕਾਂ ਨੂੰ ਕਿਹਾ ਹੈ ਕਿ ਤਿੰਨ ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਸਾਰੇ ਵਿਧਾਇਕਾਂ ਦੀ ਮੌਜੂਦਗੀ ਜਰੂਰੀ ਹੈ।
ਨੌਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਸੈਸ਼ਨ
ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਹਾਜਰੀ ਵਿੱਚ ਕੁਤਾਹੀ ਨਹੀਂ ਹੋਣੀ ਚਾਹੀਦੀ ਤੇ ਸੈਸ਼ਨ ਪੂਰਾ ਹੋਣ ਤੱਕ ਵਿਧਾਇਕ ਮੌਜੂਦ ਰਹਿਣ। ਉਨ੍ਹਾਂ ਕਿਹਾ ਕਿ ਇਜਲਾਸ ਦੀਆਂ ਸਾਰੀਆਂ ਸਿਟਿੰਗਾਂ ਵਿੱਚ ਵਿਧਾਇਕ ਮੌਜੂਦ ਰਹਿਣ। ਜਿਕਰਯੋਗ ਹੈ ਕਿ ਇਹ ਇਜਲਾਸ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਸ਼ਰਧਾਂਜਲੀਆਂ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸਮਾਗਮ ਨੂੰ ਸਮਰਪਿਤ ਇੱਕ ਸਮਾਗਮ ਵੀ ਇਜਲਾਸ ਦੌਰਾਨ ਹੋਵੇਗਾ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪੰਜਾਬ ਦੇ ਰਾਜਪਾਲ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ।
ਆਪ ਨੇ ਕੈਪਟਨ ਤੋਂ ਬਹੁਮਤ ਸਾਬਤ ਕਰਨ ਦੀ ਕੀਤੀ ਹੋਈ ਹੈ ਮੰਗ
ਇਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰਾਜ ਪਾਲ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਜਾਵੇ। ਪਾਰਟੀ ਨੇ ਦਲੀਲ ਦਿੱਤੀ ਸੀ ਕਿ ਕਾਂਗਰਸੀ ਵਿਧਾਇਕ ਦੋ ਫਾੜ ਹੋ ਚੁੱਕੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਕੋਲ ਸਰਕਾਰ ਵਿੱਚ ਬਹੁਮਤ ਲਈ ਵਿਧਾਇਕ ਨਹੀਂ ਰਹੇ, ਲਿਹਾਜਾ ਉਨ੍ਹਾਂ ਨੂੰ 7 ਦਿਨਾਂ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।