ਚੰਡੀਗੜ੍ਹ: ਇੰਟਰਸਿਟੀ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਸੁਨੀਲ ਜਾਖੜ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਕੋਠੀ ਘੇਰਨ ਦੀ ਰਣਨੀਤੀ ਕਾਂਗਰਸ ਦੇ ਮੰਤਰੀਆਂ ਸਣੇ ਵਿਧਾਇਕਾਂ ਨਾਲ ਬਣਾਈ ਗਈ। ਇਸ ਦੌਰਾਨ ਯੂਥ ਕਾਂਗਰਸ ਵਰਕਰ ਵੀ ਮੌਜੂਦ ਰਹੇ। ਪੰਜਾਬ ਸਰਕਾਰ ਨੇ ਲਗਾਤਾਰ ਰਾਜਪਾਲ ਨੂੰ ਵਿਧਾਨ ਸਭਾ ਵਿੱਚ ਅਮੈਂਡਮੈਂਟ ਕੀਤੇ ਕਾਨੂੰਨ ਦੀ ਕਾਪੀਆਂ ਰਾਸ਼ਟਰਪਤੀ ਨੂੰ ਭੇਜਣ ਦੀ ਅਪੀਲ ਕੀਤੀ ਹੈ। ਇਸੇ ਤਹਿਤ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਸਣੇ ਵਿਧਾਇਕਾਂ ਮੰਤਰੀਆਂ ਤੇ ਵਰਕਰਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੋਲਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਡਿਕਟੇਟਰਸ਼ਿਪ ਜ਼ਿਆਦਾ ਸਮਾਂ ਨਹੀਂ ਚੱਲਦੀ। ਭਾਜਪਾ ਸਰਕਾਰ ਨਵੇਂ ਖੇਤੀਬਾੜੀ ਕਾਨੂੰਨ ਜਲਦ ਵਾਪਸ ਲਵੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਇਸ ਕਾਰਨ ਲਈ ਨਹੀਂ ਬਣਾਇਆ ਸੀ ਕਿ ਉਹ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਰਾਜ ਪਾਲ ਦੇ ਕੋਲ ਜਾਣ ਤੋਂ ਰੋਕੇ।
ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਉੱਤੇ ਬੋਲਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਵਿੱਚ ਅਸ਼ੋਕ ਗੁਲ੍ਹਾਟੀ ਵਰਗੇ ਜੋ ਸ਼ਾਮਲ ਕੀਤੇ ਗਏ ਹਨ। ਉਹ ਖ਼ੁਦ ਕਿਸਾਨਾਂ ਨੂੰ ਕੰਪਨੀਆਂ ਨੂੰ ਜ਼ਮੀਨ ਦੇਣ ਬਾਰੇ ਬਿਆਨ ਦਿੰਦੇ ਰਹੇ ਹਨ ਤੇ ਉਨ੍ਹਾਂ ਨੂੰ ਬਣਾਈ ਗਈ ਕਮੇਟੀ ਉਪਰ ਯਕੀਨ ਨਹੀਂ ਹੈ ਕਿਉਂਕਿ ਕਮੇਟੀ ਦੇ ਮੈਂਬਰ ਭਾਜਪਾ ਦੀ ਬੋਲੀ ਬੋਲ ਰਹੇ ਹਨ ਅਤੇ ਉਨ੍ਹਾਂ ਦੇ ਕਹਿਣ ਉੱਤੇ ਹੀ ਰਿਪੋਰਟ ਬਣਾਉਂਦੇ ਹਨ ਅਜਿਹੀ ਕਮੇਟੀ ਦਾ ਕਾਂਗਰਸ ਵਿਰੋਧ ਕਰਦੀ ਹੈ।