ਚੰਡੀਗੜ੍ਹ: ਦਿੱਲੀ ਵਿੱਚ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਭਾਜਪਾ ਸਰਕਾਰ ਨੂੰ ਘੇਰਦੇ ਕਾਂਗਰਸ ਵਿਧਾਇਕ ਤੇ ਸਾਂਸਦਾਂ ਵੱਲੋਂ ਕੇਜਰੀਵਾਲ ਦੀ ਤਰੀਫਾਂ ਦੇ ਪੁਲ ਬੰਨੇ ਜਾ ਰਹੇ ਹਨ। ਪਿਛਲੇ ਦਿਨੀਂ ਕਾਂਗਰਸ ਭਵਨ ਵਿਖੇ ਕੁਲਬੀਰ ਜ਼ੀਰਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਦਿੱਲੀ ਪੁਲਿਸ ਕੇਜਰੀਵਾਲ ਦੇ ਅੰਦਰ ਹੁੰਦੀ ਤਾਂ JNU ਵਾਲਾ ਹਾਦਸਾ ਸ਼ਾਇਦ ਨਾ ਹੁੰਦਾ।
ਉੱਥੇ ਹੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਵੱਲੋਂ ਵੀ ਵਿਧਾਇਕ ਕੁਲਬੀਰ ਜ਼ੀਰਾ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਕੁੱਟਮਾਰ ਤੇ ਭੰਨ ਤੋੜ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੀ ਮਦਦ ਕਰਦੀ ਨਜ਼ਰ ਆ ਰਹੀ ਸੀ। ਹਾਲਾਂਕਿ ਮਨੀਸ਼ ਤਿਵਾਰੀ ਨੂੰ ਜਦੋਂ ਪੁੱਛਿਆ ਗਿਆ ਕਿ ਦਿੱਲੀ ਵਿੱਚ ਕਾਂਗਰਸ ਤੇ 'ਆਪ' ਦਾ ਗੱਠਜੋੜ ਹੋ ਸਕਦਾ ਉਸ 'ਤੇ ਤਿਵਾਰੀ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਦਿੱਲੀ ਚੋਣਾਂ ਇਕੱਲੀ ਲੜੇਗੀ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਰੋਧੀ ਕੇਜਰੀਵਾਲ ਦੀ ਤਾਰੀਫ਼ ਕਰ ਰਹੇ ਹਨ। ਕੁਲਬੀਰ ਜੀਰਾ, ਮਨੀਸ਼ ਤਿਵਾੜੀ ਤੋਂ ਇਲਾਵਾ ਕਈ ਵੱਡੇ ਕਾਂਗਰਸੀ ਆਗੂ ਵੀ ਕੇਜਰੀਵਾਲ ਦੇ ਕੰਮਾਂ ਦੀ ਤਾਰੀਫ਼ ਕਰ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਵਿੱਚ ਕੰਮ ਕਰਕੇ ਵਿਖਾਏ ਹਨ।
ਦਿੱਲੀ ਦੀ ਚੋਣਾਂ ਆਉਂਦਿਆਂ ਹੀ ਪੰਜਾਬ ਦੇ ਲੀਡਰ ਕੇਜਰੀਵਾਲ ਪ੍ਰਤੀ ਨਰਮ ਹੁੰਦੇ ਦਿਖਾਈ ਦੇ ਰਹੇ ਹਨ, ਹੁਣ ਵੇਖਣਾ ਹੋਵੇਗਾ ਕਿ ਦਿੱਲੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਲਈ ਪੰਜਾਬ ਦੇ ਵਿੱਚ ਲਾਹੇਵੰਦ ਰਹਿੰਦੇ ਨੇ ਜਾਂ ਫਿਰ ਨਹੀਂ?